16 ਮਾਰਚ 2023 (ਸਕਾਈ ਨਿਊਜ਼ ਪੰਜਾਬ)
ਜਦੋਂ ਜ਼ਿੰਦਗੀ ’ਚ ਹਨੇਰਾ ਅਤੇ ਉਦਾਸੀ ਛਾ ਜਾਵੇ ਤਾਂ ਕੁਝ ਲੋਕ ਹਿੰਮਤ ਹਾਰ ਜਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਘੋਰ ਨਿਰਾਸ਼ਾ, ਦੁੱਖ, ਤਸੀਹਿਆਂ ਤੇ ਅਨੇਕਾਂ ਮੁਸੀਬਤਾਂ ’ਚ ਘਿਰੇ ਹੋਣ ਦੇ ਬਾਵਜੂਦ ਸੁਨਹਿਰੀ ਸੁਪਨੇ ਸਿਰਜਦੇ ਹਨ ਤੇ ਇਨ੍ਹਾਂ ਸੁਪਨਿਆਂ ਦੀਆਂ ਸੁਨਹਿਰੀ ਤੰਦਾਂ ਨੂੰ ਫੜ ਹਨੇਰਿਆਂ ਤੋਂ ਪਾਰ ਲੰਘਦੇ ਨੇ ਤੇ ਦੂਸਰਿਆਂ ਲਈ ਚਾਨਣ ਦੇ ਵਣਜਾਰੇ ਬਣਦੇ ਹਨ। ਚਾਨਣ ਦੇ ਇਹ ਵਣਜਾਰੇ ਸਾਡੇ ਲਈ ਆਸ, ਉਮੀਦ, ਵਿਸ਼ਵਾਸ ਅਤੇ ਪਿਆਰ ਲੈ ਕੇ ਆਉਂਦੇ ਹਨ। ਇਹ ‘ਹਈ ਸ਼ਾ…’ ਆਖ ਕੇ ਸਾਨੂੰ ਸਖ਼ਤ ਮਿਹਨਤ ਲਈ ਪ੍ਰੇਰਦੇ ਹਨ। ਇਨ੍ਹਾਂ ਦੇ ਸਿਰਜੇ ਖਿਡੌਣੇ ਸਾਨੂੰ ਕਲਪਨਾ ਦੇ ਖੰਭਾਂ ਨਾਲ ਉਡਾ ਕੇ ਜਾਦੂਈ ਦੁਨੀਆ ’ਚ ਲੈ ਜਾਂਦੇ ਹਨ। ਇਨ੍ਹਾਂ ਦੀਆਂ ਬਣਾਈਆਂ ਫਿਲਮਾਂ ਸਾਨੂੰ ਉਦਾਸੀ ’ਚੋਂ ਕੱਢ ਕੇ ਚਾਨਣ ਦੀ ਦਹਿਲੀਜ਼ ’ਤੇ ਲੈ ਆਉਂਦੀਆਂ ਹਨ। ਇਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਸਚਿੱਤਰ ਕਿਤਾਬਾਂ ਸਾਡੀ ਉਂਗਲੀ ਫੜ ਕੇ ਸਾਨੂੰ ਨਾਲ ਲੈ ਤੁਰਦੀਆਂ ਨੇ। ਕੁਝ ਅਜਿਹੇ ਚਾਨਣ ਦੇ ਵਣਜਾਰਿਆਂ ਦੇ ਰੂ-ਬ-ਰੂ ਹੋਵਾਂਗੇ ਇਸ ਲੜੀਵਾਰ ਆਸ ਵਿਸ਼ਵਾਸ ਜਗਾਉਣ ਵਾਲੇ ਸੁਪਨਸਾਜ਼ਾਂ ਦੇ ਸੰਗ….