ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸਾ ਦੇ ਨਾਮ ਤੇ ਜਮ ਕੇ ਸਿਆਸਤ ਹੋ ਰਹੀ ਹੈ। ਕਾਂਗਰਸੀ ਅਤੇ ਅਕਾਲੀ ਇੱਕ ਦੂਜੇ ਉੱਪਰ ਇਲਜ਼ਾਮਬਾਜ਼ੀ ਕਰ ਰਹੇ ਹਨ। ਇਸੇ ਇਲਜ਼ਾਮਬਾਜ਼ੀ ਦੇ ਦੌਰ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤੰਜ਼ ਕੱਸਿਆ ਹੈ। CM ਨੇ ਅਕਾਲੀਆਂ ਨੂੰ 10 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਇਹ ਸਵਾਲ ਕੀ ਹਨ, ਆਓ ਜਾਣਦੇ ਹਾਂ
ਕੈਪਟਨ ਅਮਰਿੰਦਰ ਸਿੰਘ ਦੇ ਖੇਤੀਬਾੜੀ ਬਿੱਲਾਂ ‘ਤੇ ਬਾਦਲਾਂ ਨੂੰ ਸਵਾਲ
1- ਕੀ ਤੁਹਾਡੇ ਚੋਂ ਕਿਸੇ ਨੇ ਆਰਡੀਨੈਂਸ ਨੂੰ ਸੰਸਦ ਵਿੱਚ ਪੇਸ਼ ਹੋਣ ਤੱਕ ਇਕ ਵਾਰ ਵੀ ਕਿਸਾਨ ਵਿਰੋਧੀ ਕਿਹਾ ਸੀ?
2– ਕੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਸੀ ?
3- ਕੀ ਹਰਸਿਮਰਤ ਨੇ ਆਪਣੇ ਅਸਤੀਫ਼ੇ ਤੱਕ ਇਕ ਵਾਰ ਵੀ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਕੋਲ ਉਨ੍ਹਾਂ ਦੀਆਂ ਸ਼ੰਕਾਵਾਂ ਦੇ ਹੱਲ ਦੀ ਕੋਸ਼ਿਸ਼ ਕਰ ਰਹੀ ਹੈ ।
4- ਕੀ ਹਰਸਿਮਰਤ ਕੌਰ ਬਾਦਲ ਅਸਲ ਵਿੱਚ ਨਵੇਂ ਕਾਨੂੰਨਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਚਿੰਤਤ ਹੈ ?
5- ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਐਨਡੀਏ ਦਾ ਹਿੱਸਾ ਕਿਉਂ ਹੈ ?
6– ਕੀ ਤੁਸੀਂ ਇੱਕ ਵੀ ਕਿਸਾਨ-ਪੱਖੀ ਪਹਿਲਕਦਮੀ ਦਾ ਹਵਾਲਾ ਦੇ ਸਕਦੇ ਹੋ ਜੋ ਤੁਸੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਪਿਛਲੇ ਛੇ ਸਾਲਾਂ ਦੇ ਕਾਰਜਕਾਲ ਲਈ ਪ੍ਰੇਰਿਆ ਹੋਵੇ?
7- ਕੀ ਸੁਖਬੀਰ ਨੇ ਮੇਰੇ ਵੱਲੋਂ ਇਸ ਮੁੱਦੇ ‘ਤੇ ਬੁਲਾਈ ਸਰਬ ਪਾਰਟੀ ਮੀਟਿੰਗ ਵਿੱਚ ਸਪੱਸ਼ਟ ਅਤੇ ਨਿਰਪੱਖਤਾ ਨਾਲ ਇਹ ਨਹੀਂ ਕਿਹਾ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ?
8- ਕੀ ਤੁਸੀਂ ਕਿਸੇ ਪਾਰਟੀ ਦੀ ਕਿਸੇ ਵੀ ਮੀਟਿੰਗ ਵਿਚ ਹਾਜ਼ਰ ਸੀ, ਜਿਸ ‘ਤੇ ਮੇਰੀ ਸਰਕਾਰ ਦੇ ਰੁਖ ਅਤੇ ਜਵਾਬਾਂ ਦੇ ਬੇਬੁਨਿਆਦ ਦਾਅਵੇ ਕਰ ਰਹੇ ਹੋ?
9- ਤੁਸੀਂ ਅਤੇ ਤੁਹਾਡੀ ਪਾਰਟੀ ਨੇ ਸਾਲ 2019 ਦੇ ਕਾਂਗਰਸ ਪਾਰਟੀ ਦੇ ਮੈਨੀਫ਼ੈਸਟੋ ਅਤੇ 2017 ਦੇ ਪੰਜਾਬ ਕਾਂਗਰਸ ਦੇ ਮੈਨੀਫ਼ੈਸਟੋ ਵਿੱਚ ਖੇਤੀਬਾੜੀ ਨਾਲ ਜੁੜੇ ਪ੍ਰਮੁੱਖ ਹਿੱਸਿਆਂ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕਿਉਂ ਕੀਤਾ ?
10- ਕੀ ਤੁਸੀਂ ਸੱਚਮੁਚ ਮੰਨਦੇ ਹੋ ਕਿ ਆਪਣੇ ਝੂਠਾਂ ਨੂੰ ਅਕਸਰ ਦੁਹਰਾਉਣ ਨਾਲ ਉਨ੍ਹਾਂ ਨੂੰ ਸੱਚਾਈ ਦੀ ਤਰ੍ਹਾਂ ਕਹਿ ਸਕੋਗੇ ?
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀਆਂ ਅਤੇ ਬਾਦਲਾਂ ਵੱਲੋਂ ਇਨ੍ਹਾਂ ਸਵਾਲਾਂ ਦੀ ਕੋਈ ਉਚਿਤ ਵਿਆਖਿਆ ਜਾਂ ਤਰਕਪੂਰਨ ਜੁਆਬ ਨਹੀਂ ਦਿੱਤਾ ਜਾ ਸਕਦਾ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ, ਖ਼ਾਸਕਰ ਕਿਸਾਨ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ। ਦੱਸ ਦਈਏ ਕਿ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਇਸ ‘ਤੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।