ਨਵੀਂ ਦਿੱਲੀ, 2 ਅਪ੍ਰੈਲ 2022
ਅਪ੍ਰੈਲ ਦੇ ਸ਼ੁਰੂ ਵਿਚ ਹੀ ਦੇਸ਼ ਵਿਚ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਇਸ ਸਾਲ ਮਾਰਚ ਮਹੀਨੇ ‘ਚ ਹੀ ਗਰਮੀ ਨੇ ਆਪਣਾ ਤੇਜ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮਾਰਚ ਮਹੀਨੇ ਤਾਪਮਾਨ ਨੇ 121 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। 1901 ਤੋਂ ਬਾਅਦ ਪਹਿਲੀ ਵਾਰ ਮਾਰਚ ਵਿੱਚ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ। ਇਸ ਸਾਲ ਮਾਰਚ ਵਿੱਚ ਵੱਧ ਤੋਂ ਵੱਧ ਤਾਪਮਾਨ 1901 ਤੋਂ ਬਾਅਦ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵੱਧ ਸੀ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਪਾਰੇ ਦਾ ਇਹ ਰੁਝਾਨ ਜਾਰੀ ਰਹੇਗਾ। ਅਗਲੇ ਕੁਝ ਦਿਨਾਂ ‘ਚ ਦੇਸ਼ ਦੇ 9 ਸੂਬਿਆਂ ‘ਚ ਹੀਟ ਵੇਵ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਮਾਰਚ ਵਿੱਚ ਔਸਤ ਦਿਨ ਦਾ ਤਾਪਮਾਨ 33.01 ਡਿਗਰੀ ਸੈਲਸੀਅਸ ਸੀ, ਜਦੋਂ ਕਿ 1901 ਵਿੱਚ ਔਸਤਨ ਤਾਪਮਾਨ 32.5 ਡਿਗਰੀ ਸੈਲਸੀਅਸ ਸੀ। ਇਸ ਸਾਲ ਮਾਰਚ ਵਿੱਚ ਸਭ ਤੋਂ ਵੱਧ ਤਾਪਮਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਦਰਜ ਕੀਤਾ ਗਿਆ ਸੀ। ਰਾਜਧਾਨੀ ਦਿੱਲੀ ਵਿੱਚ ਔਸਤ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੁਸ਼ਕ ਹਵਾ ਅਜੇ ਵੀ ਬਰਕਰਾਰ ਹੈ ਅਤੇ ਅਗਲੇ 10 ਦਿਨਾਂ ਤੱਕ ਮੀਂਹ ਜਾਂ ਨਮੀ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ‘ਚ ਤਾਪਮਾਨ ਹੋਰ ਵੱਧ ਸਕਦਾ ਹੈ।