29 ਜਨਵਰੀ (ਸਕਾਈ ਨਿਊਜ਼ ਬਿਊਰੋ)
ਨਵੀਂ ਦਿੱਲੀ- ਬਜਟ ਸੈਸ਼ਨ ਦੀ ਸ਼ੁਰੂਆਤ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਈ। ਸੰਬੋਧਨ ਦੀ ਸ਼ੁਰੂਆਤ ਕਰਦਿਆਂ ਰਾਸ਼ਟਰਪਤੀ ਨੇ ਸਭ ਤੋਂ ਪਹਿਲਾਂ ਕੋਰੋਨਾ ਸੰਕਟ, ਸੀਮਾ ਤੇ ਤਣਾਅ ਸਮੇਤ ਕਈ ਸੰਕਟਾਂ ਦਾ ਜ਼ਿਕਰ ਕੀਤਾ।ਇਸਦੇ ਨਾਲ ਰਾਸ਼ਟਰਪਤੀ ਨੇ ਕਿਹਾ ਕਿ ਇੰਨੇ ਸੰਕਟ ਦੇ ਬਾਵਜੂਦ ਦੇਸ਼ ਮਜ਼ਬੂਤ ਖੜਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਚਾਹੇ ਕਿੰਨੀ ਵੀ ਵੱਡੀ ਚੁਣੌਤੀ ਕਿਉਂ ਨਾ ਹੋਵੇ, ਨਾ ਤਾਂ ਅਸੀਂ ਰੁਕਾਂਗੇ ਅਤੇ ਨਾ ਹੀ ਭਾਰਤ ਰੁਕਾਂਗੇ।
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ਅਤੇ ਝੰਡੇ ਦੇ ਅਪਮਾਨ ਨੂੰ ਮੰਦਭਾਗਾ ਦੱਸਿਆ। ਜੋ ਸੰਵਿਧਾਨ ਸਾਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ, ਕਾਨੂੰਨ ਅਤੇ ਸ਼ਾਸਨ ਦੀ ਬਰਾਬਰ ਗੰਭੀਰਤਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਮੇਰੀ ਸਰਕਾਰ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ, ਨਵੇਂ ਖੇਤੀ ਕਾਨੂੰਨ ਦੇਸ਼ ਵਿਰੋਧੀ ਨਹੀਂ, ਸਗੋਂ ਦੇਸ਼ ਹਿੱਤ ਵਿਚ ਹਨ।
ਦੱਸ ਦੇਈਏ ਕਿ ਗਣਤੰਤਰ ਦਿਵਸ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਇਸ ਦੌਰਾਨ ਦਿੱਲੀ ਵਿੱਚ ਭਾਰੀ ਹਿੰਸਾ ਹੋਈ।ਇਸ ਮੁੱਦੇ ‘ਤੇ ਦਿੱਲੀ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਹੈ ਅਤੇ ਇਸ ਮੁੱਦੇ ‘ਤੇ ਕਾਰਵਾਈ ਜਾਰੀ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਬੋਧਨ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਅਤੇ ਉਸ ਵਿਰੁੱਧ ਚੱਲ ਰਹੇ ਅੰਦੋਲਨ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਫਿਲਹਾਲ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਨੇ ਮੁਲਤਵੀ ਕਰ ਦਿੱਤਾ ਹੈ। ਮੇਰੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦਾ ਪੂਰਾ ਸਤਿਕਾਰ ਕਰੇਗੀ ਅਤੇ ਇਸ ਦੀ ਪਾਲਣਾ ਕਰੇਗੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ, ਮੇਰੀ ਸਰਕਾਰ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਪੁਰਾਣੀਆਂ ਪ੍ਰਣਾਲੀ ਦੇ ਤਹਿਤ ਜੋ ਅਧਿਕਾਰ ਸੀ ਅਤੇ ਜੋ ਸਹੂਲਤਾਂ ਸੀ, ਉਨ੍ਹਾਂ ਵਿੱਚ ਕੋਈ ਕਮੀ ਨਹੀਂ ਕੀਤੀ ਗਈ ਹੈ। ਬਲਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਰਾਹੀਂ ਸਰਕਾਰ ਨੇ ਕਿਸਾਨਾਂ ਨੂੰ ਨਵੀਆਂ ਸਹੂਲਤਾਂ ਦੇ ਨਾਲਨਾਲ ਨਵੇਂ ਅਧਿਕਾਰ ਵੀ ਦਿੱਤੇ ਹਨ।