18 ਤੋਂ ਵੱਧ ਉਮਰ ਵਾਲਿਆਂ ਲਈ ਤੀਜਾ ਟੀਕਾ ਅੱਜ ਤੋਂ
ਚੰਡੀਗੜ੍ਹ, 9 ਅਪ੍ਰੈਲ (ਸਕਾਈ ਨਿਊਜ਼ ਪੰਜਾਬ)
ਐਤਵਾਰ ਤੋਂ ਦੇਸ਼ ਦੀ ਸਾਰੀ ਬਾਲਗ ਆਬਾਦੀ ਲਈ ਕੋਰੋਨਾ ਦੀ ਬੂਸਟਰ ਖੁਰਾਕ ਪ੍ਰਾਈਵੇਟ ਟੀਕਾਕਰਨ ਕੇਂਦਰਾਂ ‘ਤੇ ਉਪਲਬਧ ਹੋਵੇਗੀ | ਸਰਕਾਰ ਨੇ ਬੂਸਟਰ ਖੁਰਾਕ ਲਈ ਇਹ ਐਲਾਨ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਕੀਤਾ | ਬਿਆਨ ਮੁਤਾਬਿਕ ਬੂਸਟਰ ਖੁਰਾਕ 18 ਸਾਲ ਤੋਂ ਵੱਧ ਉਮਰ ਦੇ ਉਹ ਲੋਕ ਲਗਵਾ ਸਕਣਗੇ ਜਿਨ੍ਹਾਂ ਨੂੰ ਦੂਜੀ ਖੁਰਾਕ ਲਗਵਾਏ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ | ਸਰਕਾਰ ਦੇ ਬਿਆਨ ਤੋਂ ਇਹ ਵੀ ਸਪਸ਼ਟ ਹੈ ਕਿ ਸਿਹਤ ਮੁਲਾਜ਼ਮਾਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ ਸਰਕਾਰ ਵਲੋਂ ਐਲਾਨੀ ਗਈ ਬੂਸਟਰ ਖੁਰਾਕ ਵਾਂਗ, ਬਾਕੀ ਬਾਲਗ ਆਬਾਦੀ ਲਈ ਇਹ ਮੁਫ਼ਤ ਨਹੀਂ ਹੋਵੇਗੀ | ਸਰਕਾਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪਹਿਲੀ ਅਤੇ ਦੂਜੀ ਖੁਰਾਕ ਦੇ ਲਈ ਸਰਕਾਰੀ ਟੀਕਾਕਰਨ ਕੇਂਦਰਾਂ ‘ਚ ਚਲ ਰਹੇ ਮੁਫ਼ਤ ਟੀਕਾਕਰਨ ਪ੍ਰੋਗਰਾਮਾਂ ਦੇ ਨਾਲ-ਨਾਲ ਸਿਹਤ ਸੰਭਾਲ ਵਰਕਰਾਂ, ਫਰੰਟ ਲਾਇਨ ਵਰਕਰਾਂ ਅਤੇ 60 ਫ਼ੀਸਦੀ ਆਬਾਦੀ ਲਈ ਇਹਤਿਆਤੀ ਖੁਰਾਕ ਦੇਣ ਦਾ ਪ੍ਰੋਗਰਾਮ ਵੀ ਜਾਰੀ ਰਹੇਗਾ, ਜਦਕਿ ਬਾਕੀ ਬਾਵਗ ਆਬਾਦੀ ਲਈ ਇਹਤਿਆਤੀ ਖੁਰਾਕ ਸਿਰਫ਼ ਨਿੱਜੀ ਕੇਂਦਰਾਂ ‘ਤੇ ਹੀ ਉਪਲਬੱਧ ਹੋਵੇਗੀ |