ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹੰਸਾ ਸਿੰਘ 25 ਸਾਲ ਪਹਿਲਾਂ ਅਚਾਨਕ ਗਾਇਬ ਹੋ ਗਏ ਸਨ। ਪਰਿਵਾਰ ਨੇ ਹਰ ਥਾਂ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਸੁੱਧ ਨਹੀਂ ਮਿਲੀ। ਤਿੰਨ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਪਰਿਵਾਰ ਨੇ ਉਮੀਦ ਛੱਡ ਦਿੱਤੀ ਅਤੇ ਉਨ੍ਹਾਂ ਨੂੰ ਮ੍ਰਿਤ ਮੰਨ ਲਿਆ ਸੀ। ਸਮਾਜਕ ਰਿਵਾਜਾਂ ਅਨੁਸਾਰ ਉਨ੍ਹਾਂ ਦੀ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿੱਤਾ ਗਿਆ ਸੀ। ਇਸ ਵਿਆਹ ਨੂੰ ਹੁਣ 22 ਸਾਲ ਹੋ ਚੁੱਕੇ ਹਨ ਅਤੇ ਦੋਹਾਂ ਦੇ ਦੋ ਬੱਚੇ ਵੀ ਹਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ 25 ਸਾਲ ਬਾਅਦ ਹੰਸਾ ਸਿੰਘ ਵਾਪਸ ਆ ਗਏ। ਉੱਤਰ ਪ੍ਰਦੇਸ਼ ਦੇ ਨਰਥੌਰ ਦੇ ਨਵੇਂ ਬਾਜ਼ਾਰ ਵਿੱਚ ਇਕ ਵਿਅਕਤੀ ਪਾਟੇ ਕੱਪੜਿਆਂ ਤੇ ਲੰਮੀ ਦਾੜ੍ਹੀ ਨਾਲ ਭਟਕਦਾ ਮਿਲੇ ਸਨ। ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਮੌਕੇ ਉਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਗੱਲਬਾਤ ਕੀਤੀ। ਸ਼ੁਰੂ ਵਿੱਚ ਉਹ ਕੁਝ ਸਾਫ਼ ਨਹੀਂ ਦੱਸ ਸਕਿਆ ਪਰ ਹੌਲੀ-ਹੌਲੀ ਉਸਨੇ ਆਪਣਾ ਨਾਮ ਹੰਸਾ ਸਿੰਘ ਦੱਸਿਆ। ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ। 72 ਘੰਟਿਆਂ ਵਿੱਚ ਪਰਿਵਾਰਕ ਮੈਂਬਰ ਨਰਥੌਰ ਪਹੁੰਚ ਗਏ। ਪਹਿਲਾਂ ਉਹ ਉਸਨੂੰ ਪਛਾਣ ਨਹੀਂ ਸਕੇ ਕਿਉਂਕਿ 25 ਸਾਲਾਂ ਵਿੱਚ ਉਸਦਾ ਰੂਪ ਬਦਲ ਚੁੱਕਾ ਸੀ ਪਰ ਜਦੋਂ ਭਰਾਵਾਂ ਅਤੇ ਪਿੰਡ ਦੇ ਸਰਪੰਚ ਨੇ ਬਚਪਨ ਦੀਆਂ ਯਾਦਾਂ ਤੇ ਘਟਨਾਵਾਂ ਬਾਰੇ ਪੁੱਛਿਆ ਤਾਂ ਉਹ ਭਾਵੁਕ ਹੋ ਗਿਆ ਅਤੇ ਉਸਦੀ ਅੱਖਾਂ ਵਿੱਚ ਹੰਝੂ ਆ ਗਏ। ਖੁਸ਼ੀ ਦੇ ਨਾਲ ਵੱਡੀ ਮੁਸ਼ਕਲ
ਇਹ ਪਰਿਵਾਰ ਲਈ ਬਹੁਤ ਖੁਸ਼ੀ ਦਾ ਪਲ ਸੀ ਕਿ ਜੋ ਮੈਂਬਰ ਸਦਾ ਲਈ ਖੋ ਗਿਆ ਸੀ, ਉਹ ਵਾਪਸ ਮਿਲ ਗਿਆ ਪਰ ਇਸ ਨਾਲ ਇੱਕ ਵੱਡੀ ਸਮੱਸਿਆ ਵੀ ਖੜ੍ਹੀ ਹੋ ਗਈ। ਸਭ ਤੋਂ ਵੱਡੀ ਚੁਣੌਤੀ ਵਿਮਲਾ ਦੇਵੀ ਸਾਹਮਣੇ ਹੈ, ਉਹ ਹੁਣ ਕਿਸਨੂੰ ਤਰਜੀਹ ਦੇਵੇ? ਇੱਕ ਪਾਸੇ ਉਸਦਾ ਪਹਿਲਾ ਪਤੀ ਹੰਸਾ ਸਿੰਘ ਹੈ ਜੋ 25 ਸਾਲ ਬਾਅਦ ਵਾਪਸ ਆਇਆ ਹੈ, ਦੂਜੇ ਪਾਸੇ ਸੁਖ ਸਿੰਘ ਹੈ ਜਿਸਨੇ 22 ਸਾਲ ਉਸਦਾ ਸਾਥ ਦਿੱਤਾ ਤੇ ਉਹ ਦੇ ਤਿੰਨ ਬੱਚਿਆਂ ਦਾ ਪਿਤਾ ਹੈ।
ਭਾਵਨਾਤਮਕ ਉਲਝਣ ਦਾ ਮਾਹੌਲ
ਇਸ ਘਟਨਾ ਨੇ ਸਿਰਫ਼ ਭਾਵਨਾਤਮਕ ਹੀ ਨਹੀਂ, ਸਗੋਂ ਸਮਾਜਕ ਤੇ ਕਾਨੂੰਨੀ ਪੱਧਰ ਉਤੇ ਵੀ ਇੱਕ ਵੱਡੀ ਪਹੇਲੀ ਖੜ੍ਹੀ ਕਰ ਦਿੱਤੀ ਹੈ। ਪਰਿਵਾਰ ਬਹੁਤ ਮੁਸ਼ਕਲ ਹਾਲਾਤ ਵਿੱਚ ਹੈ। ਇਸ ਸਾਰੇ ਮਾਮਲੇ ਵਿੱਚ ਨਰਥੌਰ ਪੁਲਿਸ ਦੀ ਭੂਮਿਕਾ ਦੀ ਵੀ ਕਾਫੀ ਸਰਾਹਨਾ ਹੋ ਰਹੀ ਹੈ। ਉਨ੍ਹਾਂ ਨੇ ਸੰਵੇਦਨਸ਼ੀਲ ਤਰੀਕੇ ਨਾਲ ਉਸ ਵਿਅਕਤੀ ਦੀ ਪਛਾਣ ਕੀਤੀ ਜਿਸਨੂੰ ਲੋਕ ਭਿਖਾਰੀ ਸਮਝ ਰਹੇ ਸਨ, ਉਸਦੀ ਸੰਭਾਲ ਕੀਤੀ, ਨਵੇਂ ਕੱਪੜੇ ਦਿੱਤੇ ਤੇ ਧੀਰਜ ਨਾਲ ਗੱਲਬਾਤ ਕਰਕੇ ਉਸਨੂੰ ਉਸਦੇ ਪਰਿਵਾਰ ਨਾਲ ਮਿਲਾਇਆ।
ਪਤਨੀ ਵੱਲੋਂ ਇਨਕਾਰ, ਭਰਾਵਾਂ ਦਾ ਸਹਾਰਾ
ਸਭ ਤੋਂ ਦਰਦਨਾਕ ਪਲ ਉਹ ਸੀ ਜਦੋਂ ਹੰਸਾ ਸਿੰਘ ਨੂੰ ਆਪਣੀ ਪਤਨੀ ਵੱਲੋਂ ਸਵੀਕਾਰ ਨਾ ਕੀਤਾ ਗਿਆ। ਸਮੇਂ ਨੇ ਉਸਦੇ ਲਈ ਨਵਾਂ ਰਾਹ ਬਣਾਇਆ ਸੀ, ਜਿਸ ਵਿੱਚ ਹੰਸਾ ਸਿੰਘ ਲਈ ਕੋਈ ਜਗ੍ਹਾ ਨਹੀਂ ਬਚੀ ਸੀ। ਅਜਿਹੇ ਹਾਲਾਤ ਵਿੱਚ ਹੁਣ ਹੰਸਾ ਸਿੰਘ ਆਪਣੇ ਭਰਾਵਾਂ ਦੇ ਨਾਲ ਰਹਿ ਰਹੇ ਹਨ—ਉਹੀ ਭਰਾ ਜਿਨ੍ਹਾਂ ਨਾਲ ਕਦੇ ਖੇਡਦੇ-ਕੂਦਦੇ ਬਚਪਨ ਬਤੀਤ ਕੀਤਾ ਸੀ, ਅੱਜ ਉਹੀ ਉਸਦਾ ਇਕੱਲਾ ਸਹਾਰਾ ਬਣੇ ਹੋਏ ਹਨ।
ਪਿੰਡ ਦੀ ਅਪੀਲ: ਇਲਾਜ ਤੇ ਸਹਾਇਤਾ ਦੀ ਲੋੜ
ਇਸ ਮਾਮਲੇ ‘ਚ ਪਿੰਡ ਦੇ ਸਰਪੰਚ ਮਲਕੀਤ ਸਿੰਘ , ਕਿਸਾਨ ਆਗੂ ਗੁਰਸੇਵਕ ਸਿੰਘ ਸ਼ਿਵ ਦਿਆਲ ਵਾਲਾ ਅਤੇ ਹੋਰ ਮੁਹਤਬਰ ਵਿਅਕਤੀਆਂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਹੰਸਾ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸਨੂੰ ਇਲਾਜ ਦੀ ਸਖ਼ਤ ਲੋੜ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਸਰਕਾਰ ਵੱਲੋਂ ਅਤੇ ਉਸ ਲਈ ਕੋਈ ਪੈਨਸ਼ਨ ਜਾਂ ਆਰਥਿਕ ਸਹਾਇਤਾ ਵੀ ਲਗਾਈ ਜਾਵੇ, ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਕੁਝ ਸਹਾਰੇ ਨਾਲ ਬਿਤਾ ਸਕੇ। ਕਿਉਂਕਿ ਇਹ ਪਰਿਵਾਰ ਬੇਜ਼ਮੀਨਾ ਹੈ, ਆਪਣੇ ਨਾਂ ‘ਤੇ ਕੋਈ ਜ਼ਮੀਨ ਜਾਂ ਵੱਡਾ ਸਹਾਰਾ ਨਹੀਂ। ਅਜਿਹੇ ਵਿੱਚ ਹੰਸਾ ਸਿੰਘ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਆਪਣੇ ਭਰਾਵਾਂ ਦੀ ਮਿਹਰਬਾਨੀ ‘ਤੇ ਟਿਕੀ ਹੋਈ ਹੈ।
ਸਵਾਲਾਂ ਦੇ ਘੇਰੇ ਵਿੱਚ ਰਿਸ਼ਤੇ ਤੇ ਸਮਾਜ
ਇਹ ਘਟਨਾ ਸਿਰਫ਼ ਇੱਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਸਮਾਜ ਲਈ ਵੀ ਇੱਕ ਵੱਡਾ ਸਵਾਲ ਹੈ—ਕੀ ਸਮਾਂ ਬੀਤ ਜਾਣ ਨਾਲ ਰਿਸ਼ਤੇ ਖਤਮ ਹੋ ਜਾਂਦੇ ਹਨ? ਜਾਂ ਫਿਰ ਵਾਪਸੀ ਕਰਨ ਵਾਲੇ ਲਈ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਹੈ? ਇੱਕ ਪਾਸੇ ਕਾਨੂੰਨ, ਦੂਜੇ ਪਾਸੇ ਸਮਾਜਕ ਰਿਵਾਜ, ਤੇ ਸਭ ਤੋਂ ਉੱਪਰ ਮਨੁੱਖੀ ਭਾਵਨਾਵਾਂ—ਇਹ ਤਿੰਨੇ ਹੀ ਇਸ ਕਹਾਣੀ ਵਿੱਚ ਇਕ ਦੂਜੇ ਨਾਲ ਟਕਰਾ ਰਹੇ ਹਨ… ਅਖੀਰ ‘ਚ ਬਚ ਜਾਂਦੀ ਹੈ ਸਿਰਫ਼ ਇੱਕ ਤਸਵੀਰ—ਇੱਕ ਵਿਅਕਤੀ ਜੋ 25 ਸਾਲਾਂ ਬਾਅਦ ਆਪਣੇ ਘਰ ਤਾਂ ਵਾਪਸ ਆ ਗਿਆ, ਪਰ ਆਪਣੀ ਜ਼ਿੰਦਗੀ ਅਜੇ ਵੀ ਲੱਭ ਰਿਹਾ ਹੈ।











