ਮਾਂਡਿਆ (ਕਰਨਾਟਕ) 14 ਅਗਸਤ 2026
ਕਰਨਾਟਕ ਵਿੱਚ ਇੱਕ ਭਾਜਪਾ (BJP) ਵਿਧਾਇਕ ਦੀ ਧੀ ‘ਤੇ ਮੰਦਿਰ ਵਿੱਚ ਤਾਇਨਾਤ ਇੱਕ ਮਹਿਲਾ ਪੁਲਿਸ ਅਫ਼ਸਰ ਨਾਲ ਬਦਸਲੂਕੀ ਕਰਨ, ਗਾਲ੍ਹਾਂ ਕੱਢਣ ਅਤੇ ਥੱਪੜ ਮਾਰਨ ਦਾ ਗੰਭੀਰ ਦੋਸ਼ ਲੱਗਾ ਹੈ। ਇਹ ਘਟਨਾ 12 ਅਗਸਤ ਦੀ ਰਾਤ ਨੂੰ ਮਾਂਡਿਆ ਜ਼ਿਲ੍ਹੇ ਦੇ ਆਰਤੀ ਉੱਕੜਾ ਮੰਦਿਰ ਵਿੱਚ ‘ਭੀਮ ਅਮਾਵਸਿਆ’ ਦੀ ਵਿਸ਼ੇਸ਼ ਪੂਜਾ ਦੌਰਾਨ ਵਾਪਰੀ, ਜਿੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਮੌਜੂਦ ਸੀ।
ਤੁਮਕੁਰੂ ਦਿਹਾਤੀ ਤੋਂ ਭਾਜਪਾ ਵਿਧਾਇਕ ਬੀ. ਸੁਰੇਸ਼ ਗੌੜਾ ਦੀ ਧੀ ਐਸ਼ਵਰਿਆ ਜਦੋਂ ਮੰਦਿਰ ਵਿੱਚ ਦਰਸ਼ਨਾਂ ਲਈ ਪਹੁੰਚੀ, ਤਾਂ ਭੀੜ ਕਾਰਨ ਉਸ ਨੂੰ ਅੰਦਰ ਜਾਣ ਵਿੱਚ ਥੋੜ੍ਹੀ ਦੇਰੀ ਹੋ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਸੁਰੱਖਿਆ ਡਿਊਟੀ ‘ਤੇ ਮੌਜੂਦ ਮਾਂਡਿਆ ਮਹਿਲਾ ਪੁਲਿਸ ਥਾਣੇ ਦੀ ਪੁਲਿਸ ਸਬ-ਇੰਸਪੈਕਟਰ (PSI) ਸਵਿਤਾ ਬੀ. ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਪੀੜਤ ਮਹਿਲਾ ਪੁਲਿਸ ਅਫ਼ਸਰ ਦੀ ਸ਼ਿਕਾਇਤ ‘ਤੇ ਕਿਆਤਨਹੱਲੀ ਪੁਲਿਸ ਥਾਣੇ ਵਿੱਚ ਐਸ਼ਵਰਿਆ ਵਿਰੁੱਧ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ, ਘਟਨਾ ਦੇ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਗ਼ੈਰ-ਜਮਾਨਤੀ ਧਾਰਾਵਾਂ ਹੋਣ ਦੇ ਬਾਵਜੂਦ ਦੋਸ਼ੀ ਮਹਿਲਾ ਵਿਰੁੱਧ ਕੋਈ ਸਖ਼ਤ ਕਾਰਵਾਈ ਜਾਂ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ‘ਤੇ ਸਵਾਲ ਉੱਠ ਰਹੇ ਹਨ।




