14 ਅਗਸਤ 2026- ਸੰਖੇਪ : ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਆਏ ਖ਼ੌਫ਼ਨਾਕ ਝਟਕਿਆਂ (ਟਰਬੂਲੈਂਸ) ਦੀ ਜਾਂਚ ਵਿੱਚ ਇੱਕ ਵੱਡਾ ਤਕਨੀਕੀ ਖ਼ੁਲਾਸਾ ਹੋਇਆ ਹੈ। ਬਲੈਕ ਬਾਕਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਡਾਣ ਦੌਰਾਨ 4 ਸੈਕਿੰਡ ਲਈ ਜਹਾਜ਼ ਦੇ ਤਿੰਨੋਂ ਹਾਈਡ੍ਰੌਲਿਕ ਸਿਸਟਮ ਅਤੇ ਕੰਟਰੋਲ ਸਰਫੇਸ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਸਨ।
ਵਿਸਥਾਰ : ਏਅਰਬੱਸ ਵੱਲੋਂ ਡਿਜੀਟਲ ਫਲਾਇਟ ਡੇਟਾ ਰਿਕਾਰਡਰ (ਬਲੈਕ ਬਾਕਸ) ਦੀ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏ-320 ਨੀਓ (A-320 NEO) ਜਹਾਜ਼ ਦੇ ਐਲੀਵੇਟਰ ਅਤੇ ਐਲਰੋਨ ਸਮੇਤ ਸਾਰੇ ਕੰਟਰੋਲ ਸਿਸਟਮਾਂ ਨੇ 4 ਸੈਕਿੰਡ ਲਈ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਹਾਈਡ੍ਰੌਲਿਕ ਫੇਲੀਅਰ ਕਾਰਨ ਜਹਾਜ਼ ਬਿਨਾਂ ਪਾਇਲਟ ਕਮਾਂਡ ਦੇ ਹੀ ਆਪਣੇ ਆਪ ਹਿੱਲਣ ਲੱਗਾ।
ਹਵਾ ‘ਚ ਕੀ ਵਾਪਰਿਆ?
- ਆਟੋ-ਪਾਇਲਟ ਬੰਦ ਹੋਣਾ: ਹਾਈਡ੍ਰੌਲਿਕ ਸਿਸਟਮ ‘ਚ ਖਰਾਬੀ ਆਉਂਦੇ ਹੀ ਜਹਾਜ਼ ਦਾ ਆਟੋ-ਪਾਇਲਟ ਸਿਸਟਮ ਬੰਦ ਹੋ ਗਿਆ।
- ‘ਸਟਾਲ’ ਦੀ ਚੇਤਾਵਨੀ: ਕੋ-ਪਾਇਲਟ ਨੂੰ ਕਾਕਪਿਟ ਵਿੱਚ ‘ਸਟਾਲ’ (ਜਦੋਂ ਜਹਾਜ਼ ਦੇ ਖੰਭ ਹਵਾ ਵਿੱਚ ਜ਼ਰੂਰੀ ਲਿਫ਼ਟ ਬਣਾਉਣਾ ਬੰਦ ਕਰ ਦਿੰਦੇ ਹਨ) ਦੀ ਚੇਤਾਵਨੀ ਮਿਲੀ।
- ਕੰਟਰੋਲ ਛੁੱਟਣ ਦਾ ਡਰ: ਕੋ-ਪਾਇਲਟ ਨੇ ਜਹਾਜ਼ ਦੇ ਅਗਲੇ ਹਿੱਸੇ ਨੂੰ ਹੇਠਾਂ ਲਿਆਉਣ ਲਈ ਸਾਈਡ-ਸਟਿਕ ਨੂੰ ਅੱਗੇ ਧੱਕਿਆ। ਪਰ ਹਾਈਡ੍ਰੌਲਿਕ ਪਾਵਰ ਨਾ ਹੋਣ ਕਾਰਨ ਇਸ ਦਾ ਤੁਰੰਤ ਕੋਈ ਅਸਰ ਨਹੀਂ ਹੋਇਆ।
- ਅਚਾਨਕ ਝਟਕਾ: ਜਿਵੇਂ ਹੀ ਕੁਝ ਸੈਕਿੰਡਾਂ ਬਾਅਦ ਹਾਈਡ੍ਰੌਲਿਕ ਸਿਸਟਮ ਠੀਕ ਹੋਇਆ, ਜਹਾਜ਼ ਦਾ ਅਗਲਾ ਹਿੱਸਾ ਤੇਜ਼ੀ ਨਾਲ ਹੇਠਾਂ ਝੁਕ ਗਿਆ, ਜਿਸ ਨਾਲ ਜਹਾਜ਼ 250 ਫੁੱਟ ਹੇਠਾਂ ਆ ਗਿਆ ਅਤੇ ਯਾਤਰੀਆਂ ਨੂੰ ਜ਼ਬਰਦਸਤ ਝਟਕੇ ਲੱਗੇ।
ਫਰਾਂਸ ਦੇ ਮਾਹਰ ਕਰ ਰਹੇ ਹਨ ਜਾਂਚ
ਇਸ ਘਟਨਾ ਦਾ ਡੇਟਾ ਫਰਾਂਸ ਦੇ ਟੂਲੂਜ਼ ਸਥਿਤ ਏਅਰਬੱਸ ਦੇ ਸਪੋਰਟ ਸੈਂਟਰ (AIRTAC) ਨੂੰ ਭੇਜਿਆ ਗਿਆ ਸੀ। ਫਿਲਹਾਲ ਏਅਰਬੱਸ ਅਤੇ ਫਰਾਂਸ ਦੀ ਜਾਂਚ ਏਜੰਸੀ BEA ਦੇ ਮਾਹਰ ਨਵੀਂ ਦਿੱਲੀ ਪਹੁੰਚ ਕੇ ਜਹਾਜ਼ ਦੀ ਜਾਂਚ ਕਰ ਰਹੇ ਹਨ ਅਤੇ ਸ਼ੁਰੂਆਤੀ ਜਾਣਕਾਰੀ ਭਾਰਤ ਦੀ AAIB (ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ) ਨੂੰ ਸੌਂਪ ਦਿੱਤੀ ਗਈ ਹੈ।
ਪਾਇਲਟ ਦੇ ਨਸ਼ੇ ‘ਚ ਹੋਣ ਦਾ ਮੁੱਦਾ
ਤਕਨੀਕੀ ਖਰਾਬੀ ਤੋਂ ਇਲਾਵਾ, ਜਹਾਜ਼ ਦੇ ਮੁੱਖ ਪਾਇਲਟ ਦੇ ਨਸ਼ੇ ‘ਚ ਹੋਣ ਦੀ ਵੀ ਜਾਂਚ ਚੱਲ ਰਹੀ ਹੈ। ਫਲਾਈਟ ਦੀ ਲੈਂਡਿੰਗ ਤੋਂ ਬਾਅਦ ਪਾਇਲਟ ਦੇ ਯੂਰਿਨ ਟੈਸਟ ਵਿੱਚ ਗਾਂਜੇ (ਮਾਰਿਜੁਆਨਾ) ਦੀ ਪੁਸ਼ਟੀ ਹੋਈ ਸੀ। ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਆਪਣੇ ਸਾਰੇ ਪਾਇਲਟਾਂ ਦਾ ਡੋਪ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।




