ਸਿੰਗਾਪੁਰ : 12 ਸਤੰਬਰ 2026
ਪਿਆਰ ਦੇ ਰਿਸ਼ਤੇ ਵਿੱਚ ਕੀਤੇ ਗਏ ਖਰਚਿਆਂ ਨੂੰ ਲੈ ਕੇ ਇੱਕ ਭਾਰਤੀ ਮੂਲ ਦੇ CEO ਦਾ ਮਾਮਲਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। TCI Express ਦੇ CEO ਅਤੇ ਮੈਨੇਜਿੰਗ ਡਾਇਰੈਕਟਰ ਚੰਦਰ ਅਗਰਵਾਲ ਨੇ ਆਪਣੀ ਸਾਬਕਾ ਗਰਲਫ੍ਰੈਂਡ ਫੈਲਿਸੀਆ ਲੀ ’ਤੇ ਰਿਸ਼ਤੇ ਦੌਰਾਨ ਖਰਚ ਕੀਤੀ ਵੱਡੀ ਰਕਮ ਵਾਪਸ ਲੈਣ ਲਈ ਸਿੰਗਾਪੁਰ ਹਾਈ ਕੋਰਟ ਦਾ ਰੁਖ ਕੀਤਾ ਸੀ। ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਰਿਪੋਰਟ ਮੁਤਾਬਕ ਅਗਰਵਾਲ ਨੇ ਕਰੀਬ S$468,090 (ਲਗਭਗ 3.5 ਕਰੋੜ ਰੁਪਏ) ਦੀ ਰਕਮ ਵਾਪਸ ਲੈਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਿਸ਼ਤੇ ਦੌਰਾਨ ਕੀਤੇ ਗਏ ਕੁਝ ਖਰਚੇ ਤੋਹਫ਼ੇ ਨਹੀਂ, ਸਗੋਂ ਅਜਿਹੀ ਰਕਮ ਸਨ ਜੋ ਵਾਪਸ ਕੀਤੀ ਜਾਣੀ ਸੀ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ।
2019 ਵਿੱਚ ਹੋਈ ਸੀ ਮੁਲਾਕਾਤ
ਅਦਾਲਤੀ ਰਿਕਾਰਡ ਅਨੁਸਾਰ ਚੰਦਰ ਅਗਰਵਾਲ ਅਤੇ ਫੈਲਿਸੀਆ ਲੀ ਦੀ ਮੁਲਾਕਾਤ 2019 ਵਿੱਚ ਇੱਕ ਫਲਾਈਟ ਦੌਰਾਨ ਹੋਈ ਸੀ। ਉਸ ਸਮੇਂ ਲੀ ਫਲਾਈਟ ਅਟੈਂਡੈਂਟ ਵਜੋਂ ਕੰਮ ਕਰ ਰਹੀ ਸੀ। ਦੋਵਾਂ ਵਿਚਾਲੇ ਜਾਣ-ਪਛਾਣ ਵਧੀ ਅਤੇ ਬਾਅਦ ਵਿੱਚ ਉਹ ਰਿਸ਼ਤੇ ਵਿੱਚ ਆ ਗਏ। ਇਹ ਰਿਸ਼ਤਾ ਸਤੰਬਰ 2022 ਤੋਂ ਦਸੰਬਰ 2023 ਤੱਕ ਚੱਲਿਆ।
ਕਿੱਥੇ-ਕਿੱਥੇ ਖਰਚ ਹੋਈ ਵੱਡੀ ਰਕਮ?
ਅਗਰਵਾਲ ਵੱਲੋਂ ਅਦਾਲਤ ਵਿੱਚ ਕੀਤੇ ਦਾਅਵੇ ਵਿੱਚ ਕ੍ਰੈਡਿਟ ਕਾਰਡ ਦੇ ਖਰਚੇ, ਵਿਦੇਸ਼ੀ ਯਾਤਰਾਵਾਂ, ਫੈਂਗ ਸ਼ੁਈ ਮਾਹਿਰ ਦੀ ਫੀਸ ਅਤੇ ਐਗਜ਼ਿਕਿਊਟਿਵ ਕੋਰਸ ਸਮੇਤ ਕਈ ਖਰਚੇ ਸ਼ਾਮਲ ਸਨ।
ਰਿਪੋਰਟਾਂ ਮੁਤਾਬਕ ਲਗਭਗ S$206,000 ਕ੍ਰੈਡਿਟ ਕਾਰਡ ਖਰਚ, S$129,000 ਵਿਦੇਸ਼ੀ ਯਾਤਰਾਵਾਂ, S$17,000 ਫੈਂਗ ਸ਼ੁਈ ਮਾਹਿਰ ਅਤੇ ਕਰੀਬ S$30,000 Stanford-NUS ਐਗਜ਼ਿਕਿਊਟਿਵ ਪ੍ਰੋਗਰਾਮ ਲਈ ਖਰਚ ਕੀਤੇ ਗਏ ਸਨ। ਇਸ ਤੋਂ ਇਲਾਵਾ ਲਗਜ਼ਰੀ ਬ੍ਰਾਂਡਾਂ ਦੀਆਂ ਖਰੀਦਦਾਰੀਆਂ ਦਾ ਵੀ ਜ਼ਿਕਰ ਹੋਇਆ।
ਅਦਾਲਤ ਨੇ ਕਿਉਂ ਖਾਰਜ ਕੀਤਾ ਦਾਅਵਾ?
ਸਿੰਗਾਪੁਰ ਹਾਈ ਕੋਰਟ ਦੇ ਸੀਨੀਅਰ ਜੱਜ Lee Seiu Kin ਨੇ ਕਿਹਾ ਕਿ ਉਪਲਬਧ ਸਬੂਤਾਂ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਫੈਲਿਸੀਆ ਲੀ ਨੇ ਇਹ ਰਕਮਾਂ ਕਰਜ਼ੇ ਵਜੋਂ ਲਈਆਂ ਸਨ ਜਾਂ ਉਨ੍ਹਾਂ ਨੂੰ ਵਾਪਸ ਕਰਨ ਲਈ ਸਹਿਮਤੀ ਦਿੱਤੀ ਸੀ।
ਅਦਾਲਤ ਨੇ ਇਹ ਵੀ ਦੇਖਿਆ ਕਿ ਰਿਸ਼ਤੇ ਦੌਰਾਨ ਅਗਰਵਾਲ ਵੱਲੋਂ ਲੀ ’ਤੇ ਪੈਸਾ ਖਰਚ ਕਰਨ ਦਾ ਰੁਝਾਨ ਪਹਿਲਾਂ ਤੋਂ ਹੀ ਸੀ ਅਤੇ ਕਈ ਖਰਚੇ ਤੋਹਫ਼ਿਆਂ ਦੇ ਰੂਪ ਵਿੱਚ ਕੀਤੇ ਗਏ ਸਨ। ਜੱਜ ਨੇ ਇਸ ਗੱਲ ’ਤੇ ਵੀ ਧਿਆਨ ਦਿੱਤਾ ਕਿ ਇੱਕ ਮੌਕੇ ’ਤੇ ਜਦੋਂ ਲੀ ਨੇ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਤਾਂ ਅਗਰਵਾਲ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਇਸਦੀ ਲੋੜ ਨਹੀਂ ਹੈ।
ਬ੍ਰੇਕਅਪ ਤੋਂ ਬਾਅਦ ਬਦਲ ਗਿਆ ਮਾਮਲਾ
ਅਦਾਲਤ ਮੁਤਾਬਕ ਰਿਸ਼ਤਾ ਖਤਮ ਹੋਣ ਤੋਂ ਬਾਅਦ ਅਗਰਵਾਲ ਨੇ ਇਨ੍ਹਾਂ ਖਰਚਿਆਂ ਨੂੰ ਕਰਜ਼ੇ ਵਜੋਂ ਪੇਸ਼ ਕਰਦਿਆਂ ਵਾਪਸੀ ਦੀ ਮੰਗ ਕੀਤੀ। ਪਰ ਅਦਾਲਤ ਨੂੰ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਇਹ ਰਕਮਾਂ ਸ਼ੁਰੂ ਤੋਂ ਹੀ ਵਾਪਸੀਯੋਗ ਕਰਜ਼ੇ ਸਨ।
ਇਸ ਆਧਾਰ ’ਤੇ ਸਿੰਗਾਪੁਰ ਹਾਈ ਕੋਰਟ ਨੇ S$468,090 ਦੀ ਵਸੂਲੀ ਦਾ ਦਾਅਵਾ ਰੱਦ ਕਰ ਦਿੱਤਾ।






