Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ; ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ₹53.30 ਕਰੋੜ ਜਾਰੀ ਤੇ ਪ੍ਰਸਤਾਵਿਤ: ਡਾ. ਬਲਜੀਤ ਕੌਰ
Punjab

ਪੰਜਾਬ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੜ੍ਹਾਈ ਦਾ ਸਹਾਰਾ ਹੋਰ ਮਜ਼ਬੂਤ; ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ₹53.30 ਕਰੋੜ ਜਾਰੀ ਤੇ ਪ੍ਰਸਤਾਵਿਤ: ਡਾ. ਬਲਜੀਤ ਕੌਰ

Email :

ਚੰਡੀਗੜ੍ਹ, 14 ਸਤੰਬਰ, 2026

ਸੂਬੇ ਦੇ ਹਰ ਬੱਚੇ ਤੱਕ ਚੰਗੀ ਸਿੱਖਿਆ ਪਹੁੰਚਾਉਣ ਦੀ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਜ਼ੀਫਾ ਯੋਜਨਾਵਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਗਰੀਬੀ ਕਾਰਨ ਕਿਸੇ ਵੀ ਅਨੁਸੂਚਿਤ ਜਾਤੀ (ਐਸ.ਸੀ.) ਦੇ ਬੱਚੇ ਦੀ ਪੜ੍ਹਾਈ ਨਾ ਛੁੱਟੇ।


ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਐਸ.ਸੀ. ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ 94,092 ਵਿਦਿਆਰਥੀਆਂ ਲਈ ₹13.30 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਅਗਲੇ ਵਿੱਤੀ ਸਾਲ 2026-27 ਲਈ 1,17,142 ਬੱਚਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ₹40 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ, ਤਾਂ ਜੋ ਸਕੂਲ ਪੱਧਰ ‘ਤੇ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ।


ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੀ ਬਦੌਲਤ ਆਰਥਿਕ ਤੌਰ ‘ਤੇ ਕਮਜ਼ੋਰ ਐਸ.ਸੀ. ਪਰਿਵਾਰਾਂ ਦੇ ਹਜ਼ਾਰਾਂ ਬੱਚੇ ਬਿਨਾਂ ਕਿਸੇ ਵਿੱਤੀ ਬੋਝ ਦੇ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਹੀ ਸਮਾਜਿਕ ਸੁਧਾਰ ਦੀ ਸਭ ਤੋਂ ਮਜ਼ਬੂਤ ਨੀਂਹ ਹੈ ਅਤੇ ਇਹ ਹਰ ਬੱਚੇ ਨੂੰ ਬਰਾਬਰ ਦੇ ਮੌਕੇ ਦਵਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ।


ਡਾ. ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਪਿਛੜੇ ਵਰਗਾਂ ਦੇ ਲੋਕਾਂ ਨੂੰ ਉੱਪਰ ਚੁੱਕਣ ਲਈ ਸਿੱਖਿਆ ਅਤੇ ਮਨੁੱਖੀ ਵਿਕਾਸ ‘ਤੇ ਖਾਸ ਧਿਆਨ ਦੇ ਰਹੀ ਹੈ। ਐਸ.ਸੀ. ਵਿਦਿਆਰਥੀਆਂ ਲਈ ਸਿੱਖਿਆ ਦੇ ਰਾਹ ਖੋਲ੍ਹਣਾ ‘ਰੰਗਲਾ ਪੰਜਾਬ’ ਬਣਾਉਣ ਵੱਲ ਇੱਕ ਬਹੁਤ ਵੱਡਾ ਕਦਮ ਹੈ।


ਸਰਕਾਰ ਦੇ ਅਗਲੇ ਪਲਾਨ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਵਜ਼ੀਫਾ ਸਕੀਮ ਨੂੰ ਸਮੇਂ ਸਿਰ ਲਾਗੂ ਕਰਨ, ਹੱਕਦਾਰ ਪਰਿਵਾਰਾਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਪੈਸੇ ਸਿੱਧੇ ਖਾਤਿਆਂ ਵਿੱਚ ਭੇਜਣ ਦਾ ਕੰਮ ਪੂਰੀ ਮੁਸਤੈਦੀ ਨਾਲ ਕਰੇਗਾ ਤਾਂ ਜੋ ਕਿਸੇ ਵੀ ਲੋੜਵੰਦ ਬੱਚੇ ਨੂੰ ਮਦਦ ਮਿਲਣ ਵਿੱਚ ਦੇਰੀ ਨਾ ਹੋਵੇ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਭਵਿੱਖ ਉੱਜਵਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

______

Leave a Reply

Your email address will not be published. Required fields are marked *

Related Posts