ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਤਾਜ਼ਾ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ 2 ਦਸੰਬਰ 2024 ਨੂੰ ਸੁਣਾਈ ਗਈ ਧਾਰਮਿਕ ਤਨਖ਼ਾਹ (ਸੇਵਾ) ਨੂੰ ਇਕ ‘ਸਾਜ਼ਿਸ਼’ ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਆਦਾਵਾਂ ਅਤੇ ਪੰਥਕ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ।
ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਕਿ 2 ਦਸੰਬਰ ਦਾ ਫ਼ੈਸਲਾ ਕਿਸੇ ਨਿੱਜੀ ਰੰਜਿਸ਼ ਤਹਿਤ ਨਹੀਂ, ਸਗੋਂ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਸੰਗਤ ਦੀ ਕਚਹਿਰੀ ਵਿਚ ਖੁਦ ਕਬੂਲ ਕੀਤੇ ਗਏ ਗੁਨਾਹਾਂ ਦੇ ਅਧਾਰ ‘ਤੇ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦਿਨ ਸਾਰੀ ਲੀਡਰਸ਼ਿਪ ਨੇ ਮਾਈਕ ਫੜ੍ਹ ਕੇ ਸੰਗਤ ਦੇ ਸਾਹਮਣੇ ਆਪਣੀਆਂ ਭੁੱਲਾਂ ਮੰਨੀਆਂ ਸਨ ਅਤੇ ਲੱਗੀ ਹੋਈ ਸੇਵਾ ਵੀ ਨਿਭਾਈ ਸੀ। ਪਰ ਹੁਣ ਸੇਵਾ ਪੂਰੀ ਹੋਣ ਤੋਂ ਬਾਅਦ ਆਪਣੇ ਬਿਆਨਾਂ ਤੋਂ ਮੁੱਕਰ ਜਾਣਾ ਅਤੇ ਇਸ ਨੂੰ ਸਾਜ਼ਿਸ਼ ਦੱਸਣਾ ਮੰਦਭਾਗਾ ਹੈ।
ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕੋਈ ਵੀ ਦਿਨ ਮੁਕਰਰ ਕਰ ਲੈਣ ਅਤੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ। ਉੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਅਤੇ ਪੰਜ ਸਿੰਘ ਸਾਹਿਬਾਨ ਦੀ ਹਜ਼ੂਰੀ ਵਿਚ ਉਹ ਇਹ ਸਾਬਤ ਕਰਨ ਕਿ ਇਹ ਫ਼ੈਸਲਾ ਕਿਸੇ ਸਾਜ਼ਿਸ਼ ਦਾ ਹਿੱਸਾ ਸੀ। ਸਾਬਕਾ ਜਥੇਦਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਇਹ ਸਾਜ਼ਿਸ਼ ਸਾਬਤ ਹੁੰਦੀ ਹੈ, ਤਾਂ ਪੰਥ ਜੋ ਵੀ ਸਜ਼ਾ ਉਨ੍ਹਾਂ (ਸਿੰਘ ਸਾਹਿਬਾਨ) ਨੂੰ ਲਗਾਏਗਾ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।ਉਨ੍ਹਾਂ ਅਖੀਰ ਵਿਚ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਅਤੇ ਇਸ ‘ਤੇ ਉਂਗਲ ਉਠਾਉਣਾ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ।











