ਮੁੰਬਈ (ਸਕਾਈ ਨਿਊਜ਼ ਪੰਜਾਬ), 1 ਅਪ੍ਰੈਲ 2022
ਮੁੰਬਈ ਪੁਲਸ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਗਣੇਸ਼ ‘ਤੇ ਸਾਲ 2020 ਵਿਚ ਉਸ ਦੇ ਨਾਲ ਕੰਮ ਕਰਨ ਵਾਲੀ ਸਹਿ-ਡਾਂਸਰ ਦੁਆਰਾ ਜਿਨਸੀ ਸ਼ੋਸ਼ਣ, ਪਿੱਛਾ ਕਰਨ ਅਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਗਣੇਸ਼ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਮੁੰਬਈ ਪੁਲਿਸ ਨੇ ਹੁਣ ਉਸਦੇ ਖਿਲਾਫ ਵੱਡਾ ਕਦਮ ਚੁੱਕਿਆ ਹੈ। ਗਣੇਸ਼ ਖ਼ਿਲਾਫ਼ ਧਾਰਾ 354-ਏ, 354-ਸੀ ਅਤੇ 354-ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਤੇ ਗਣੇਸ਼ ਆਚਾਰੀਆ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਫਿਲਮ ਇੰਡਸਟਰੀ ਦਾ ਇਕ ਵੱਡਾ ਨਾਂ ਹੈ, ਉਨ੍ਹਾਂ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਔਰਤ ਨੇ ਦੋਸ਼ ਲਾਇਆ ਕਿ ਸਾਲ 2019 ‘ਚ ਗਣੇਸ਼ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਇੰਡਸਟਰੀ ‘ਚ ਨਾਂ ਕਮਾਉਣਾ ਚਾਹੁੰਦੀ ਹੈ ਤਾਂ ਉਸ ਨਾਲ ਸਰੀਰਕ ਸਬੰਧ ਬਣਾਉਣੇ ਪੈਣਗੇ।
ਕਥਿਤ ਤੌਰ ‘ਤੇ ਇਸ ਤੋਂ ਬਾਅਦ ਸਾਲ 2020 ‘ਚ ਜਦੋਂ ਔਰਤ ਨੇ ਇਕ ਮੀਟਿੰਗ ‘ਚ ਗਣੇਸ਼ ਦੀ ਹਰਕਤ ਦਾ ਵਿਰੋਧ ਕੀਤਾ ਤਾਂ ਉਸ ਨੇ ਪੀੜਤਾ ਨੂੰ ਸਭ ਦੇ ਸਾਹਮਣੇ ਅਪਮਾਨਜਨਕ ਕਿਹਾ। ਇੰਨਾ ਹੀ ਨਹੀਂ, ਦੋਸ਼ ਹੈ ਕਿ ਕੋਰੀਓਗ੍ਰਾਫਰ ਦੇ ਸਹਾਇਕ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ।
ਮਹਿਲਾ ਦੀ ਸ਼ਿਕਾਇਤ ‘ਤੇ ਗਣੇਸ਼ ਅਚਾਰੀਆ ਖਿਲਾਫ ਐੱਫਆਈਆਰ ਦਰਜ ਕਰਨ ਤੋਂ ਬਾਅਦ ਹੁਣ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਹਾਲਾਂਕਿ ਗਣੇਸ਼ ਨੇ ਐਫਆਈਆਰ ਤੋਂ ਬਾਅਦ ਮਾਣਹਾਨੀ ਦਾ ਦਾਅਵਾ ਵੀ ਦਾਇਰ ਕੀਤਾ ਸੀ l
ਪਰ ਘਟਨਾ ਦੇ ਮਹੀਨਿਆਂ ਬਾਅਦ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਕੋਰੀਓਗ੍ਰਾਫਰ ਐਸੋਸੀਏਸ਼ਨ ਦੁਆਰਾ ਉਸਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। ਮੁੰਬਈ ਪੁਲਿਸ ਦੀ ਕਾਰਵਾਈ ਦੇ 2 ਸਾਲ ਬਾਅਦ ਹੁਣ ਇਹ ਮਾਮਲਾ ਮੁੜ ਚਰਚਾ ਵਿੱਚ ਹੈ।