ਦਿੱਲੀ (ਸਕਾਈ ਨਿਊਜ਼ ਪੰਜਾਬ), 15 ਜੂਨ 2022
ਗੈਸ ਸਿਲੰਡਰ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਰੂਸ-ਯੂਕਰੇਨ ਤੋਂ ਬਾਅਦ ਦੇਸ਼ ‘ਚ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਜਿਸ ਨਾਲ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਆਪਣੇ ਸਿਖਰ ‘ਤੇ ਹਨ
ਅਜਿਹੇ ‘ਚ ਆਮ ਆਦਮੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਡੀਲਰਾਂ ਦੇ ਕਮਿਸ਼ਨ ਵਿੱਚ ਵੀ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ 1 ਜੁਲਾਈ 2022 ਤੋਂ ਘਰ-ਘਰ ਗੈਸ ਸਿਲੰਡਰ ਦੀ ਡਿਲੀਵਰੀ ਬੰਦ ਕਰ ਦੇਣਗੇ।
ਐਲਪੀਜੀ ਗੈਸ ਹੋਮ ਡਿਲੀਵਰੀ:-
ਜੰਮੂ ਵਿੱਚ ਆਲ ਇੰਡੀਆ ਐਲਪੀਜੀ ਡਿਸਟ੍ਰੀਬਿਊਸ਼ਨ ਫੈਡਰੇਸ਼ਨ ਦੇ ਬੈਨਰ ਹੇਠ ਐਲਪੀਜੀ ਗੈਸ ਹੋਮ ਡਿਲੀਵਰੀ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਾਰੇ ਐਲਪੀਜੀ ਵਿਤਰਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ 1 ਜੁਲਾਈ 2022 ਤੋਂ ਗੈਸ ਦੀ ਹੋਮ ਡਿਲੀਵਰੀ ਨਹੀਂ ਕਰਨਗੇ।
ਜੰਮੂ ਤੋਂ ਇਲਾਵਾ, ਐਲਪੀਜੀ ਵਿਤਰਕਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਵਿੱਚ ਵੀ ਐਲਪੀਜੀ ਗੈਸ ਦੀ ਹੋਮ ਡਿਲੀਵਰੀ ਬੰਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਮੰਗ ਵਿੱਚ ਕਿਹਾ ਗਿਆ ਸੀ ਕਿ ਤੇਲ ਕੰਪਨੀਆਂ ਐਲਪੀਜੀ ਵਿਤਰਕਾਂ ਨੂੰ ਘੱਟੋ-ਘੱਟ ਤਨਖਾਹ ਸਕੇਲ, ਈਂਧਨ ਦੀ ਲਾਗਤ ਅਤੇ ਵਾਹਨਾਂ ਦੇ ਰੱਖ-ਰਖਾਅ ਦੇ ਹਿਸਾਬ ਨਾਲ ਕਮਿਸ਼ਨ ਨਹੀਂ ਦੇ ਰਹੀਆਂ।