ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 1 ਮਈ 2022
ਅੱਜ ਮਈ ਮਹੀਨੇ ਦਾ ਪਹਿਲਾ ਦਿਨ ਹੈ। ਇਸ ਦੌਰਾਨ ਮਹਿੰਗਾਈ ਦੀ ਇੱਕ ਹੋਰ ਮਾਰ ਲੋਕਾਂ ਨੂੰ ਪਈ ਹੈ। ਦਰਅਸਲ, ਸਰਕਾਰੀ ਤੇਲ ਕੰਪਨੀਆਂ ਨੇ 1 ਮਈ ਨੂੰ ਐਲਪੀਸੀ ਗੈਸ ਸਿਲੰਡਰ ਦੀ ਕੀਮਤ 104 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਹਾਲਾਂਕਿ ਇਹ ਵਾਧਾ ਘਰੇਲੂ ਗੈਸ ਸਿਲੰਡਰਾਂ ‘ਤੇ ਲਾਗੂ ਨਹੀਂ ਹੋਇਆ ਹੈ l
ਪਰ ਵਪਾਰਕ ਗੈਸ ਸਿਲੰਡਰਾਂ ਲਈ ਇਹ ਕੀਮਤ ਵਧਾਈ ਗਈ ਹੈ। ਹੁਣ ਰਾਜਧਾਨੀ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2,355 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਧਿਆਨ ਯੋਗ ਹੈ ਕਿ ਪਿਛਲੇ ਮਹੀਨੇ 1 ਅਪ੍ਰੈਲ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 268.50 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਘਰੇਲੂ ਗੈਸ ਸਿਲੰਡਰ ਦੀ ਕੀਮਤ ਦਿੱਲੀ ‘ਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 949.5 ਰੁਪਏ ਹੈ। ਕੋਲਕਾਤਾ ‘ਚ ਘਰੇਲੂ ਗੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 976 ਰੁਪਏ, ਮੁੰਬਈ ‘ਚ 949.50 ਰੁਪਏ ਅਤੇ ਚੇਨਈ ‘ਚ ਗੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 965.50 ਰੁਪਏ ਹੈ। ਲਖਨਊ ਵਿੱਚ ਕੀਮਤ 987.50 ਰੁਪਏ ਅਤੇ ਪਟਨਾ ਵਿੱਚ 1039.5 ਰੁਪਏ ਹੈ l
ਵਪਾਰਕ ਗੈਸ ਸਿਲੰਡਰ ਦੀ ਨਵੀਂ ਕੀਮਤ 1 ਮਈ ਤੋਂ ਲਾਗੂ ਨਵੀਆਂ ਦਰਾਂ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਨਵੀਂ ਕੀਮਤ 2,355 ਰੁਪਏ ਤੱਕ ਪਹੁੰਚ ਗਈ ਹੈ। ਕੋਲਕਾਤਾ ‘ਚ ਕਮਰਸ਼ੀਅਲ ਗੈਸ ਦੀ ਕੀਮਤ ‘ਚ ਸਭ ਤੋਂ ਜ਼ਿਆਦਾ 104 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਦਿੱਲੀ ‘ਚ ਇਹ 102 ਰੁਪਏ ਹੈ।
ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 2,455 ਰੁਪਏ ਤੱਕ ਪਹੁੰਚ ਗਈ ਹੈ। ਪਹਿਲਾਂ ਇਸ ਦੀ ਕੀਮਤ 2351.5 ਰੁਪਏ ਸੀ। ਮੁੰਬਈ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 102 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਨਵੀਆਂ ਕੀਮਤਾਂ 2307 ਰੁਪਏ ‘ਤੇ ਪਹੁੰਚ ਗਈਆਂ ਹਨ। ਪਹਿਲਾਂ ਇਸ ਦੀ ਕੀਮਤ 2205 ਰੁਪਏ ਸੀ l