ਚੰਡੀਗੜ੍ਹ,28 ਮਾਰਚ (ਸਕਾਈ ਨਿਊਜ਼ ਬਿਊਰੋ)
ਭਾਰਤ ਵਿੱਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ।ਇਸ ਲਈ ਇੱਥੇ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ।ਮੇਲੇ-ਤਿਉਹਾਰਾਂ ਦਾ ਸੰਬੰਧ ਰੁੱਤਾਂ ਅਤੇ ਮੌਸਮ ਨਾਲ ਹੁੰਦਾ ਹੈ। ਹੋਲੀ ਦਾ ਪਵਿੱਤਰ ਤਿਉਹਾਰ ਵੀ ਬਸੰਤ ਰੁੱਤ ਵਿੱਚ ਮਨਾਇਆ ਜਾਂਦਾ ਹੈ।ਪਰੰਪਰਕ ਤੌਰ ’ਤੇ ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ।ਪਹਿਲੇ ਦਿਨ ਨੂੰ “ਹੋਲਿਕਾ ਜਲਾਈ” ਜਾਂਦੀ ਹੈ, ਜਿਸਨੂੰ “ਹੋਲਿਕਾ ਦਹਿਨ” ਵੀ ਕਹਿੰਦੇ ਹਨ। ਦੂਜੇ ਦਿਨ ਲੋਕ ਇਕ ਦੂਜੇ ’ਤੇ ਰੰਗ, ਗੁਲਾਲ ਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ।ਲੋਕ ਇਸ ਤਿਉਹਾਰ ਨੂੰ ਬਿਨਾ ਕਿਸੇ ਭੇਦਭਾਵ ਤੋਂ ਮਨਾਉਂਦੇ ਹਨ। ਰੰਗਾਂ ਦਾ ਤਿਉਹਾਰ ਹੋਣ ਕਾਰਨ ਇਹ ਮਨੁੱਖੀ ਹਿਰਦੇ ਵਿਚ ਖੁਸ਼ੀ ਦੇ ਰੰਗ ਭਰ ਦਿੰਦਾ ਹੈ। ਇਹ ਤਿਉਹਾਰ ਸਾਡੇ ਆਪਸੀ ਝਗੜੇ, ਗੁੱਸੇ-ਗਿੱਲੇ ਭੁਲਾ ਕੇ, ਗਲੇ ਮਿਲਣ ਅਤੇ ਵਿਛੜਿਆਂ ਨੂੰ ਮਿਲਾਉਣ ਦਾ ਅਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਪ੍ਰੇਮ ਭਰਪੂਰ ਤਿਉਹਾਰ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ’ਤੇ ਰੰਗ-ਗੁਲਾਲ ਆਦਿ ਮਲਦੇ ਹਨ। ਲੋਕ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਮਠਿਆਈਆਂ ਆਦਿ ਵੰਡਦੇ ਹਨ। ਉੱਤਰੀ ਭਾਰਤ ਵਿੱਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ’ਤੇ ਇਸ ਨੂੰ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਲੋਕ ਆਪਣੇ ਗੁਆਂਢੀਆਂ ਅਤੇ ਸੰਬੰਧੀਆਂ ਦੇ ਘਰਾਂ ਵਿਚ ਵੀ ਮਠਿਆਈ ਆਦਿ ਲੈ ਕੇ ਜਾਂਦੇ ਹਨ।
ਪਰੰਪਰਾਗਤ ਤੌਰ ’ਤੇ ਖੇਡੀ ਜਾਂਦੀ ਹੈ ਬ੍ਰਿਜ ‘ਚ ਹੋਲੀ
ਬ੍ਰਿਜ ਦੀ ਹੋਲੀ ਬਹੁਤ ਹੀ ਪ੍ਰਸਿੱਧ ਹੈ। ਭਾਰਤ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਸ ਨੂੰ ਦੇਖਣ ਲਈ ਮਥੁਰਾ-ਵ੍ਰਿੰਦਾਵਨ ਪੁੱਜਦੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਸਮੇਂ ਵਿਚ ਇੱਥੇ ਸ਼੍ਰੀ ਕ੍ਰਿਸ਼ਨ ਆਪਣੀਆਂ ਗੋਪੀਆਂ ਨਾਲ ਮਿਲ ਹੋਲੀ ਖੇਡਦੇ ਸਨ। ਉਦੋਂ ਤੋਂ ਹੀ ਬ੍ਰਿਜ ਦੇ ਇਲਾਕੇ ਵਿਚ ਹੋਲੀ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੈ। ਆਧੁਨਿਕ ਸਮੇਂ ਵਿਚ ਬ੍ਰਿਜ ਵਿਚ ਖੇਡੀ ਜਾਂਦੀ ਹੋਲੀ ਦਾ ਪਰੰਪਰਾਗਤ ਰੂਪ ਦੇਖਣ ਨੂੰ ਮਿਲਦਾ ਹੈ। ਇੱਥੇ ਖੇਡੀ ਜਾਂਦੀ ਫੁੱਲਾਂ ਦੀ ਹੋਲੀ, ਲੱਠਮਾਰ ਹੋਲੀ ਅਤੇ ਰੰਗ-ਗੁਲਾਲ ਦੀ ਹੋਲੀ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਪੁੱਜਦੇ ਹਨ। ਲੋਕ ਹੋਲੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ’ਤੇ ਜਾਣਦੇ ਹਨ ਪਰ ਅਸਲ ਵਿਚ ਇਹ ਤਿਉਹਾਰ ਸਰਬ-ਸਾਂਝਾ ਤਿਉਹਾਰ ਹੈ।
ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੁੰਦਾ ਹੋਲੀ ਦਾ ਤਿਉਹਾਰ
ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਖੇਤਾਂ ਵਿਚ ਸਰ੍ਹੋਂ ਖਿੜ ਜਾਂਦੀ ਹੈ। ਬਾਗ-ਬਗੀਚਿਆਂ ਵਿਚ ਭਾਂਤ-ਭਾਂਤ ਦੇ ਫੁੱਲ ਖਿੜ ਪੈਂਦੇ ਹਨ। ਰੁੱਖ-ਬੂਟੇ, ਪਸ਼ੂ-ਪੰਛੀ ਅਤੇ ਮਨੁੱਖ ਹਰ ਕੋਈ ਖੁਸ਼ੀਆਂ-ਖੇੜਿਆਂ ਨਾਲ ਭਰ ਜਾਂਦਾ ਹੈ। ਖੇਤਾਂ ਵਿਚ ਕਣਕ ਦੀਆਂ ਬੱਲੀਆਂ ਝੂਮਣ ਲੱਗਦੀਆਂ ਹਨ। ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਪੈਂਦੇ ਹਨ। ਹੋਲੀ ਦਾ ਤਿਉਹਾਰ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ।
ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ ਹੋਲੀ ਦੀ ਕਥਾ
ਹੋਲੀ ਦੇ ਤਿਉਹਾਰ ਨਾਲ ਕਈ ਮਿੱਥ ਕਥਾਵਾਂ ਜੁੜੀਆਂ ਹੋਈਆਂ ਹਨ। ਹੋਲੀ ਦੀ ਕਥਾ ਭਗਤ ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪ੍ਰਾਚੀਨ ਸਮੇਂ ‘ਚ ਹਰਨਾਖ਼ਸ਼ ਅਸੁਰਾਂ ਦਾ ਰਾਜਾ ਸੀ। ਉਹ ਭਗਵਾਨ ਵਿਸ਼ਨੂੰ ਨੂੰ ਆਪਣਾ ਦੁਸ਼ਮਣ ਮੰਨਦਾ ਸੀ। ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਇਸ ਗੱਲ ਤੋਂ ਹਰਨਾਖ਼ਸ਼ ਕਾਫ਼ੀ ਨਾਰਾਜ਼ ਤੇ ਗੁੱਸੇ ‘ਚ ਰਹਿੰਦਾ ਸੀ। ਉਸ ਨੇ ਕਈ ਵਾਰ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਹੋਲਿਕਾ ਪ੍ਰਹਿਲਾਦ ਦੀ ਭੂਆ ਸੀ। ਉਸ ਦੀ ਭੈਣ ਹੋਲਿਕਾ ਨੂੰ ਵਰਦਾਨ ਮਿਿਲਆ ਸੀ ਕਿ ਉਹ ਅੱਗ ‘ਚ ਨਹੀਂ ਸੜੇਗੀ। ਜਦੋਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਅੱਗ ’ਚ ਸਾੜ ਮਾਰਨ ਦੀ ਕੋਝੀ ਚਾਲ ਸੋਚੀ ਤਾਂ ਹੋਲਿਕਾ ਨੇ ਆਪਣੇ ਭਰਾ ਦਾ ਸਾਥ ਦਿੰਦਿਆਂ ਪ੍ਰਹਿਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰ ਦਿੱਤੀ। ਉਹ ਪ੍ਰਹਿਲਾਦ ਨੂੰ ਝੋਲੀ ਵਿਚ ਲੈ ਕੇ ਅੱਗ ਵਿਚ ਬੈਠ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਇਸ ਤਰ੍ਹਾਂ ਹੋਲਿਕਾ ਦੇ ਸੜਨ ਅਤੇ ਬਦੀ ‘ਤੇ ਨੇਕੀ ਦੀ ਜਿੱਤ ਦੀ ਖੁਸ਼ੀ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ।