ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨਾਲ ਸਬੰਧਤ ਇੱਕ AI Generated (ਆਰਟੀਫੀਸ਼ੀਅਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ, ਇੱਕ ਕੰਕਾਲ (ਪਿੰਜਰ) ਨੂੰ ਪੱਗ ਬੰਨ੍ਹ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਘੁੰਮਦੇ ਦਿਖਾਇਆ ਗਿਆ ਹੈ। ਕੰਕਾਲ ਨੂੰ ਜੁੱਤੇ ਪਹਿਨੇ ਹੋਏ ਹਰਮੰਦਿਰ ਸਾਹਿਬ ਦੀ ਪਰਿਕਰਮਾ ‘ਚ ਬੈਠੇ ਹੋਏ ਵੀ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਕੰਕਾਲ ਨੂੰ ਲੰਗਰ ਹਾਲ ਅੰਦਰ ਜੁੱਤੇ ਪਹਿਨੇ ਹੋਏ ਲੰਗਰ ਛੱਕਦੇ ਹੋਏ ਦਿਖਾਇਆ ਗਿਆ ਹੈ।
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। SGPC ਮੈਂਬਰ ਗੁਰਚਰਨ ਗਰੇਵਾਲ ਨੇ ਕਿਹਾ ਹੈ ਕਿ ਵੀਡੀਓ ਦੀ ਸਮੀਖਿਆ ਕਰਨ ਤੋਂ ਬਾਅਦ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਹ ਹਰਿਮੰਦਰ ਸਾਹਿਬ ਨਾਲ ਸਬੰਧਤ ਬੇਅਦਬੀ ਦੀ ਪਹਿਲੀ ਵੀਡੀਓ ਨਹੀਂ ਹੈ। ਕੁਝ ਦਿਨ ਪਹਿਲਾਂ, ਇੱਕ AI ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਇੱਕ ਨੌਜਵਾਨ ਪਰਿਕਰਮਾ ‘ਚ ਜੁੱਤੇ ਪਹਿਨੇ ਹੋਏ ਤੇ ਕਾਰ ਚਲਾਉਂਦੇ ਦਿਖਾਇਆ ਗਿਆ ਸੀ। ਇੱਕ ਵੱਖਰੇ ਮਾਮਲੇ ‘ਚ ਇੱਕ ਮੁਸਲਿਮ ਨੌਜਵਾਨ ਨੇ ਇੱਕ ਸੋਸ਼ਲ ਮੀਡੀਆ ਰੀਲ ਬਣਾਈ ਸੀ। ਉਹ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਕੁਰਲੀ ਕਰਦੇ ਦੇਖਿਆ ਗਿਆ ਸੀ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਵੀਡੀਓ ਦੀ ਜਾਂਚ ਐਸਜੀਪੀਸੀ ਦੀ ਏਆਈ ਜਾਂਚ ਕਮੇਟੀ ਦੁਆਰਾ ਕੀਤੀ ਜਾਵੇਗਾ। ਜਾਂਚ ਤੋਂ ਬਾਅਦ ਮਾਮਲੇ ਨਾਲ ਸਬੰਧਤ ਵਿਅਕਤੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀਡੀਓ “Anatomy Crown” ਨਾਮਕ ਇੱਕ ਪੇਜ਼ ਦੁਆਰਾ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਗਿਆ ਸੀ। ਇਸ ਪੇਜ਼ ‘ਤੇ ਜ਼ਿਆਦਾਤਰ AI ਜਨਰੇਟਡ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ। ਹਰਮੰਦਿਰ ਸਾਹਿਬ ਨਾਲ ਸਬੰਧਤ ਵੀਡੀਓ ਪੰਜ ਦਿਨ ਪਹਿਲਾਂ ਅਪਲੋਡ ਕੀਤੀ ਗਈ ਸੀ। ਇਸ ਵੀਡੀਓਜ਼ ‘ਤੇ 6.50 ਲੱਖ ਤੋਂ ਵੱਧ ਵੀਊਜ਼ ਆ ਚੁੱਕੇ ਹਨ।










