ਹਰਿਆਣਾ,16 ਜਨਵਰੀ (ਸਕਾਈ ਨਿਊਜ਼ ਬਿਊਰੋ)
ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਸੰਬੋਧਨ ਰਾਹੀਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੇ ਅਧੀਨ ਹਰਿਆਣਾ ‘ਚ ਕਈ ਜਗ੍ਹਾ ਹੈਲਥ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਟੀਕਾ ਲਗਾਇਆ ਗਿਆ।
ਦੱਸਣਯੋਗ ਹੈ ਕਿ ਪ੍ਰਦੇਸ਼ ਨੂੰ ਕੋਵਿਸ਼ੀਲਡ ਦੀਆਂ 2 ਲੱਖ 41 ਹਜ਼ਾਰ 500 ਡੋਜ਼ ਅਤੇ ਕੋਵੈਕਸੀਨ ਦੀਆਂ 20 ਹਜ਼ਾਰ ਡੋਜ਼ ਮਿਲੀਆਂ ਹਨ। ਟੀਕਾਕਰਨ ਲਈ ਪ੍ਰਦੇਸ਼ ਦੀਆਂ 77 ਸਾਈਟਾਂ ਤੈਅ ਕੀਤੀਆਂ ਗਈਆਂ ਹਨ। ਯਮੁਨਾਨਗਰ ‘ਚ ਸਭ ਤੋਂ ਪਹਿਲਾਂ ਸਫ਼ਾਈ ਕਾਮਿਆਂ ਨੂੰ ਇਹ ਵੈਕਸੀਨ ਦਿੱਤੀ ਗਈ। ਉਸ ਤੋਂ ਬਾਅਦ ਸਿਵਲ ਸਰਜਨ ਡਾ. ਵਿਜੇ ਦਹੀਆ ਅਤੇ ਉਨ੍ਹਾਂ ਦੀ ਪਤਨੀ ਪੂਨਮ ਇੰਚਾਰਜ ਨੂੰ ਵੀ ਦਿੱਤੀ ਗਈ ਅਤੇ ਫਿਰ ਹੋਰ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਗਈ।
ਪਾਨੀਪਤ ਸਿਵਲ ਹਸਪਤਾਲ ‘ਚ ਕੋਵਿਡ-19 ਟੀਕਾਕਰਨ ਕੇਂਦਰ ਦਾ ਸ਼ੁੱਭ ਆਰੰਭ ਕਰਨਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸੰਜੇ ਭਾਟੀਆ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸੀ.ਐੱਮ.ਓ. ਸੰਤ ਲਾਲ ਵਰਮਾ ਸਮੇਤ ਡਾਕਟਰਾਂ ਦੀ ਟੀਮ ਮੌਜੂਦ ਰਹੀ ਸਭ ਤੋਂ ਪਹਿਲਾਂ ਹੈਲਥ ਵਰਕਰ ਬੀਬੀ ਪੂਨਮ ਨੂੰ ਟੀਕਾ ਲਗਾਇਆ ਗਿਆ।
ਸੋਨੀਪਤ ਸਿਵਲ ਹਸਪਤਾਲ ‘ਚ ਤਾਇਨਾਤ ਕਰਮੀ ਸੀਤਾ ਨੂੰ ਪਹਿਲੀ ਕੋਰੋਨਾ ਵੈਕਸੀਨ ਡੋਜ਼ ਦਿੱਤੀ ਗਈ। ਸਿਰਸਾ ‘ਚ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਸਫ਼ਾਈ ਕਾਮੇ ਨੂੰ ਲਗਾਇਆ ਗਿਆ।