ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵੱਲੋਂ ਖੇਡ ਜਗਤ ‘ਚ ਮਾਰੀਆਂ ਜਾ ਰਹੀਆਂ ਮੱਲਾਂ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਪੰਜਾਬ ਦੀ ਵਿਰਸੇ ‘ਚ ਖੇਡਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਤੇ ਖੇਡਾਂ ਦਾ ਇਤਿਹਾਸ ਗੁਰੂ ਸਾਹਿਬਾਨਾਂ ਨਾਲ ਜੋੜਿਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰੂ ਸਾਹਿਬਾਨਾਂ ਨੇ ਅਧਿਆਤਮਕਤਾ ਦੇ ਨਾਲ ਸਰੀਰਕ ਤੰਦਰੁਸਤੀ ਨੂੰ ਪ੍ਰੇਰਿਆ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਖੇਡ ਜਗਤ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ‘ਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਟੂਰਨਾਮੈਂਟ ਹੋਣ ਜਾ ਰਿਹਾ ਹੈ।
ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ
ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਇੰਡੀਅਨ ਹਾਕੀ ਫੈਡਰੇਸ਼ਨ ਤੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦਾ ਸਿੱਟਾ ਇਹ ਨਿਕਲਿਆ ਕਿ ਪਹਿਲੀ ਵਾਰ ਸਾਨੂੰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਹ ਟੂਰਨਾਮੈਂਟ ਅਕਤੂਬਰ-ਨਵੰਬਰ ‘ਚ ਹੋਵੇਗਾ। ਇਹ ਪਹਿਲੀ ਵਾਰ ਹੈ ਕਿ ਪੰਜਾਬ ਨੂੰ ਇੰਨੇ ਵੱਡੇ ਪੱਧਰ ਦੇ ਇੰਟਰਨੈਸ਼ਨਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਇਹ ਟੂਰਨਾਮੈਂਟ ਮੁਹਾਲੀ ਤੇ ਜਲੰਧਰ ਦੇ ਮੈਦਾਨਾਂ ‘ਚ ਹੋਵੇਗਾ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ‘ਚ ਸਾਨੂੰ ਆਫ਼ਰ ਦਿੱਤੀ ਕਿ ਤੁਸੀਂ ਹਰ ਸਾਲ ਪੰਜਾਬ ‘ਚ ਕੋਈ ਟੂਰਨਾਮੈਂਟ ਕਰਵਾਓ। ਇਸ ‘ਚ ਟਾਪ-4 ਟੀਮਾਂ ਯੂਰਪ, ਏਸ਼ੀਆ ਜਾਂ ਆਸਟ੍ਰੇਲੀਆਂ ਦੀਆਂ, ਉਨ੍ਹਾਂ ਦਾ 4 ਨੇਸ਼ਨ ਟੂਰਨਾਮੈਂਟ ਕਰਵਾਉਣ ਦਾ ਆਫ਼ਰ ਮਿਲਿਆ ਹੈ। ਇਸ ਦੇ ਨਾਲ ਹੀ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਨੂੰ ਇੱਕ ਹੋਰ ਵੱਡੇ ਖੇਡ ਇਵੈਂਟ ਦੀ ਮੇਜ਼ਬਾਨੀ ਮਿਲੀ ਹੈ। ਇਹ ਇਵੈਂਟ ਅੰਡਰ-13 ਬੈਡਮਿੰਟਨ ਟੂਰਨਾਮੈਂਟ ਹੈ। ਇਹ ਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਹੋਵੇਗਾ। ਇਸ ਇਵੈਂਟ ਦੀ ਮੇਜ਼ਬਾਨੀ ਪੰਜਾਬ ਨੂੰ 44 ਸਾਲ ਬਾਅਦ ਮਿਲੀ ਹੈ।
ਪੰਜਾਬ ਦੀ ਧਰਤੀ ਨਾਲ ਖੇਡਾਂ ਦੇ ਇਤਿਹਾਸ ਦਾ ਜ਼ਿਕਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੰਜਾਬ ਦੇ ਧਰਤੀ ਨੇ ਬਹੁਤ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਇਸ ਨੂੰ ਅਸੀਂ ਆਪਣੇ ਵਿਰਸੇ ਨਾਲ ਜੋੜ ਕੇ ਦੇਖੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਅਧਿਆਤਮਕਿਤਾ ਦੇ ਨਾਲ-ਨਾਲ ਸਰੀਰ ਦੀ ਤੰਦਰੁਸਤੀ ਵਾਸਤੇ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਹੈ। ਗੁਰੂ ਅੰਗਦ ਦੇਵ ਜੀ ਨੀ ਸਰੀਰਕ ਤੰਦਰੁਸਤੀ ਵਾਸਤੇ ਮੱਲ ਅਖਾੜਾ ਕਾਇਮ ਕੀਤਾ ਸੀ ਤੇ ਆਪਣੀ ਦੇਖ-ਰੇਖ ‘ਚ ਕੁਸ਼ਤੀਆਂ ਕਰਵਾਉਂਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਨੂੰ ਗੌੜਸਵਾਰੀ ਤੇ ਤੀਰਅੰਦਾਜ਼ੀ ਦਾ ਮਾਹਿਰ ਬਣਾਉਣ ਦਾ ਨਿਸ਼ਚਾ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੇਲੇ ਹੋਲੇ-ਮਹੱਲੇ ਤੇ ਹੋਰ ਰਵਾਇਤੀ ਖੇਡਾਂ ਦੀ ਸ਼ੁਰੂਆਤ ਹੋਈ। ਯੁੱਧ ਕਲਾਵਾਂ ਤੇ ਗਤਕਾਂ ਇਹ ਸਾਡੀਆਂ ਵਿਰਾਸਤੀ ਖੇਡਾਂ। ਆਧੁਨਿਕ ਖੇਡਾਂ ਦੇ ਨਾਲ ਪੰਜਾਬ ‘ਚ ਕਬੱਡੀ, ਕੁਸ਼ਤੀ, ਰੱਸਾਕੱਸੀ ਵਰਗੀਆਂ ਖੇਡਾਂ ਪੰਜਾਬ ‘ਚ ਪਸੰਦ ਕੀਤੀਆਂ ਜਾਂਦੀਆਂ।
ਪੰਜਾਬ ਦੇ ਖਿਡਾਰੀ ਮਾਰ ਰਹੇ ਮੱਲਾਂ
ਮੁੱਖ ਮੰਤਰੀ ਨੇ ਪੰਜਾਬ ਦੇ ਖਿਡਾਰੀਆਂ ਵੱਲੋਂ ਖੇਡਾਂ ‘ਚ ਮਾਰੀਆਂ ਜਾ ਰਹੀਆਂ ਮੱਲਾਂ ‘ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਪ੍ਰੀਤ ਸਿੰਘ ਪੰਜਾਬ ਤੋਂ ਹਨ। ਆਸਟ੍ਰੇਲੀਆ ‘ਤੇ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਸ਼ੁਭਮਨ ਗਿੱਲ ਨੇ ਕੀਤੀ, ਉਹ ਪੰਜਾਬ ਤੋਂ ਹਨ। ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਦੇ ਮੋਗੇ ਤੋਂ ਹਨ। ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਾਲਪ੍ਰੀਤ ਸਿੰਘ ਬਰਾੜ ਪੰਜਾਬ ਤੋਂ ਹਨ। ਪਿਛਲੇ ਸਾਲ ਗੁਰਪ੍ਰੀਤ ਸਿੰਘ ਸੰਧੂ ਨੇ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ। ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਤਿੰਨ ਪੰਜਾਬਣਾਂ ਹਨ- ਹਰਮਨਪ੍ਰੀਤ, ਅਮਨਦੀਪ ਤੇ ਹਰਲੀਨ ਦਿਓਲ। ਪੁਰਸ਼ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਅਭਿਸ਼ੇਕ ਸ਼ਰਮਾ ਤੇ ਅਰਸ਼ਦੀਪ ਸਿੰਘ ਪੰਜਾਬ ਤੋਂ ਹਨ। ਮਹਿਲਾ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ ਜਿੱਤਿਆ। ਸਾਨੂੰ ਇਨ੍ਹਾਂ ‘ਤੇ ਮਾਣ ਹੈ।










