ਅਫਗਾਨਿਸਤਾਨ (ਸਕਾਈ ਨਿਊਜ਼ ਪੰਜਾਬ), 18 ਜੂਨ 2022
ਅਫਗਾਨਿਸਤਾਨ ‘ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਵੀ ਹਿੰਸਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਰਾਜਧਾਨੀ ਕਾਬੁਲ ਦਾ ਹੈ, ਜਿੱਥੇ ਗੁਰਦੁਆਰੇ ਦੇ ਪਰਵਾਨ ਕੰਪਲੈਕਸ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਬੰਬ ਧਮਾਕੇ ਹੋਏ। ਅੱਤਵਾਦੀ ਹਮਲੇ ‘ਚ ਸੁਰੱਖਿਆ ਗਾਰਡ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਹਮਲੇ ‘ਚ ਜਾਨ ਗਵਾਉਣ ਵਾਲੇ ਜਵਾਨ ਦਾ ਨਾਂ ਅਹਿਮਦ ਦੱਸਿਆ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਤਾਲਿਬਾਨ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੋ ਹਮਲਾਵਰਾਂ ਨੂੰ ਤਾਲਿਬਾਨੀ ਫੌਜੀਆਂ ਨੇ ਘੇਰ ਲਿਆ ਹੈ। ਵੀਰਵਾਰ ਨੂੰ ਕਿੰਨੇ ਲੋਕ ਫਸੇ ਹਨ, ਇਹ ਪਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ 7-8 ਲੋਕ ਅਜੇ ਵੀ ਅੰਦਰ ਫਸੇ ਹੋਏ ਹਨ।
ਹਮਲਾਵਰਾਂ ਨੇ ਗੁਰਦੁਆਰੇ ਦੇ ਪਹਿਰੇਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਗੋਲੀਬਾਰੀ ‘ਚ ਤਿੰਨ ਤਾਲਿਬਾਨੀ ਫੌਜੀ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 7:15 ਵਜੇ (ਭਾਰਤ ਸਮੇਂ ਅਨੁਸਾਰ 8.30 ਵਜੇ) ਹੋਇਆ। ਤਿੰਨ ਵਿਅਕਤੀਆਂ ਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ‘ਚੋਂ ਦੋ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਭਾਰਤ ਨੇ ਕਿਹਾ- ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂਕਾਬੁਲ ਗੁਰਦੁਆਰੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਕਾਬੁਲ ਤੋਂ ਸ਼ਹਿਰ ਦੇ ਇਕ ਪਵਿੱਤਰ ਗੁਰਦੁਆਰੇ ‘ਤੇ ਹਮਲੇ ਦੀਆਂ ਰਿਪੋਰਟਾਂ ਤੋਂ ਅਸੀਂ ਡੂੰਘੇ ਚਿੰਤਤ ਹਾਂ। “ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਉੱਭਰਨ ਵਾਲੇ ਘਟਨਾਕ੍ਰਮ ਬਾਰੇ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ,” ਉਸਨੇ ਕਿਹਾ।
ਅਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਹਤਿਆਤ ਵਜੋਂ ਇਲਾਕੇ ਨੂੰ ਘੇਰ ਲਿਆ ਹੈ। ਧਮਾਕੇ ਤੋਂ ਬਾਅਦ ਅਸਮਾਨ ‘ਤੇ ਧੂੰਏਂ ਦਾ ਗੁਬਾਰ ਛਾ ਗਿਆ ਅਤੇ ਰਾਜਧਾਨੀ ਸ਼ਹਿਰ ਵਾਸੀਆਂ ‘ਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਮੁਤਾਬਕ ਧਮਾਕੇ ਵਿੱਚ ਜਾਨੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਹੈ।