ਦਿੱਲੀ (ਸਕਾਈ ਨਿਊਜ਼ ਪੰਜਾਬ), 28 ਅਕਤੂਬਰ 2022
ਭਾਰਤ ਜੋੜੋ ਯਾਤਰਾ ‘ਤੇ ਨਿਕਲੇ ਰਾਹੁਲ ਗਾਂਧੀ ਹੁਣ ਜਲਦ ਹੀ ਮੱਧ ਪ੍ਰਦੇਸ਼ ‘ਚ ਪ੍ਰਵੇਸ਼ ਕਰਨ ਜਾ ਰਹੇ ਹਨ, ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਦੇ ਮੱਧ ਪ੍ਰਦੇਸ਼ ਦੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਉੱਥੇ ਸਿਆਸੀ ਤਾਪਮਾਨ ਵਧ ਗਿਆ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੇ ਰਾਹੁਲ ਗਾਂਧੀ ਦੀ ਤੁਲਨਾ ਸਵਾਮੀ ਵਿਵੇਕਾਨੰਦ ਨਾਲ ਕੀਤੀ ਹੈ, ਜਿਸ ‘ਤੇ ਭਾਜਪਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਅਤੇ ਮਹਾਤਮਾ ਗਾਂਧੀ ਨਾਲ ਵੀ ਕੀਤੀ ਜਾ ਚੁੱਕੀ ਹੈ, ਜਿਸ ‘ਤੇ ਖੂਬ ਬਿਆਨਬਾਜ਼ੀ ਹੋਈ ਸੀ।
ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਅਤੇ ਮੀਡੀਆ ਵਿਭਾਗ ਦੇ ਉਪ ਪ੍ਰਧਾਨ ਭੂਪੇਂਦਰ ਗੁਪਤਾ ਨੇ ਰਾਹੁਲ ਗਾਂਧੀ ਦੀ ਤੁਲਨਾ ਵਿਵੇਕਾਨੰਦ ਨਾਲ ਕਰਦੇ ਹੋਏ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਭਾਰਤ ਨੂੰ ਪਛਾਣਨ ਅਤੇ ਜੋੜਨ ਲਈ ਜੋ ਕੰਮ ਕੀਤਾ ਹੈ। ਰਾਹੁਲ ਗਾਂਧੀ ਵੀ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਇਸ ਪੈਦਲ ਯਾਤਰਾ ਨਾਲ ਪੂਰਾ ਭਾਰਤ ਇੱਕ ਧਾਗੇ ਵਿੱਚ ਬੱਝ ਜਾਵੇਗਾ ਅਤੇ ਇਹ ਸਵਾਮੀ ਵਿਵੇਕਾਨੰਦ ਦਾ ਸੁਪਨਾ ਸੀ। ਭਾਜਪਾ ਨੇ ਕਾਂਗਰਸ ਦੀ ਇਸ ਤੁਲਨਾ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਹ ਸਵਾਮੀ ਵਿਵੇਕਾਨੰਦ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ।
ਭਾਜਪਾ ਦੇ ਸੂਬਾ ਬੁਲਾਰੇ ਦੁਰਗੇਸ਼ ਨੇ ਇਸ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਕਾਂਗਰਸ ਸਵਾਮੀ ਵਿਵੇਕਾਨੰਦ ਦੇ ਸੂਰਜ ਨਮਸਕਾਰ ਦਾ ਵਿਰੋਧ ਕਰਦੀ ਹੈ ਅਤੇ ਦੂਜੇ ਪਾਸੇ ਚੋਣਾਵੀ ਫਾਇਦਾ ਲੈਣ ਲਈ ਆਪਣੇ ਨੇਤਾ ਦੀ ਤੁਲਨਾ ਮਹਾਪੁਰਖਾਂ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਵਾਮੀ ਵਿਵੇਕਾਨੰਦ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ।