ਤਰਨਤਾਰਨ (ਰਿੰਪਲ ਗੋਲ੍ਹਣ ), 23 ਦਸੰਬਰ 2022
ਜਿਲਾ ਤਰਨ ਤਾਰਨ ਅਤੇ ਥਾਣਾ ਸਦਰ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਦੇ ਵਸਨੀਕ ਦਿਲਬਾਗ ਸਿੰਘ ਪੁੱਤਰ ਦਲੀਪ ਸਿੰਘ ਨੇ ਦੁਜੀ ਧਿਰ ਮੁਨੀਸ਼ ਕੁਮਾਰ ਪੁੱਤਰ ਕਸ਼ਮੀਰ ਕੁਮਾਰ ਵਾਸੀ ਤਰਨ ਤਾਰਨ ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਤੇ ਧੱਕੇ ਨਾਲ ਜਮੀਨ ਤੇ ਕਬਜਾ ਕਰਨ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਜਦ ਕਿ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵੱਲੋਂ ਐਫਆਈਆਰ ਨੰਬਰ 234 ਮਿਤੀ 19/12/2022 ਨੂੰ ਧਾਰਾ 447, 511,506, 341 ਆਈ ਪੀ ਸੀ ਤਹਿਤ ਦਿਲਬਾਗ ਸਿੰਘ ਪੁੱਤਰ ਦਲੀਪ ਸਿੰਘ, ਸੁਖਵਿੰਦਰ ਕੌਰ ਵਿਧਵਾ ਦਲੀਪ ਸਿੰਘ ਅਤੇ ਗੋਰਾ ਪੁੱਤਰ ਦਿਲਬਾਗ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧ ਵਿੱਚ ਦੋਸ਼ ਲਗਾਉਂਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ 54 ਤੇ ਉਹਨਾਂ ਦੀ ਸਾਂਝੀ ਜਮੀਨ ਸੀ ਜੋ ਕਿ ਸਰਕਾਰ ਵੱਲੋਂ ਐਕਵਾਈਅਰ ਕੀਤੀ ਗਈ ਸੀ ਅਤੇ ਉਸਦੀ ਬੱਚਦੀ ਜਮੀਨ ਤੇ ਪੁਲਿਸ ਦੀ ਮਦਦ ਨਾਲ ਮੁਨੀਸ਼ ਕੁਮਾਰ ਵਗੈਰਾ ਧੱਕੇ ਨਾਲ ਕਬਜਾ ਕਰਨ ਦੀ ਕੋਸ਼ਿਸ ਕਰ ਰਹੇ ਹਨ ਤੇ ਜਦੋਂ ਉਸਨੇ ਉਹਨਾਂ ਨੂੰ ਕਬਜਾ ਕਰਨ ਤੋਂ ਰੋਕਿਆਂ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਨਾਲ ਗੁੰਡਾਗਰਦੀ ਕੀਤੀ ਤੇ ਉਹਨਾਂ ਤੇ ਝੂਠਾ ਮਾਮਲਾ ਵੀ ਦਰਜ ਕਰਵਾ ਦਿੱਤਾ।
ਜਦ ਕਿ ਦੁਸਰੀ ਧਿਰ ਨੇ ਸਾਰੇ ਹੀ ਦੋਸ਼ਾ ਨੂੰ ਨਕਾਰਿਆ ਤੇ ਕਿਹਾ ਕਿ ਉਹਨਾਂ ਜਗ੍ਹਾਂ ਦੀ ਖ੍ਰੀਦ ਕੀਤੀ ਹੈ ਜਿਸ ਦੀ ਰਜਿਸਟਰੀ ਵੀ ਕਰਵਾਈ ਹੋਈ ਹੈ।ਇਸ ਜਗ੍ਹਾ ਨਾਲ ਦਿਲਬਾਗ ਸਿੰਘ ਵਗੈਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਧਰ ਥਾਣਾ ਸਦਰ ਤਰਨ ਤਾਰਨ ਦੇ ਏਐਸਆਈ ਕੰਵਲਜੀਤ ਸਿੰਘ ਨੇ ਕਿਹਾ ਕਿ ਦਿਲਬਾਗ ਸਿੰਘ ਵਗੈਰਾ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।