ਚੰਡੀਗੜ੍ਹ, 23 ਮਾਰਚ
ਜਿਸ ਨੂੰ ਸਮਾਜ ਸੇਵਾ ਅਤੇ ਕਲਾ ਦੋ ਸਮਾਨ ਸੋਚ ਵਾਲੇ ਖੇਤਰਾਂ ਦਾ ਸੰਗਮ ਕਿਹਾ ਜਾ ਸਕਦਾ ਹੈ। ਕਮਿਊਨਿਟੀ ਫਾਊਂਡੇਸ਼ਨ ਪੰਚਕੂਲਾ ਅਤੇ 105 ਆਰਟਸ ਪਛੜੇ ਬੱਚਿਆਂ ਦੇ ਬਿਹਤਰ ਜੀਵਨ ਲਈ ਇੱਕ ਬਦਲਾਅ ਲਿਆਉਣ ਲਈ ਇਕਜੁੱਟ ਹੋਏ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਦੇ ਮਿਲਣ ਦਾ ਮਕਸਦ ਗਲੀ-ਮੁਹੱਲਿਆਂ ਦੇ ਬੱਚਿਆਂ ਖਾਸ ਕਰਕੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਸਮਾਜਿਕ, ਆਰਥਿਕ ਅਤੇ ਵਿੱਦਿਅਕ ਪੱਧਰ ਉੱਚਾ ਚੁੱਕਣਾ ਹੈ।
ਇਹਨਾਂ ਦੋਵੇਂ ਸੰਸਥਾਵਾਂ ਦੇ ਪਿਛੋਕੜ ਬਾਰੇ ਜਾਨਣਾ ਉੱਚਿਤ ਹੋਵੇਗਾ।
ਕਮਿਊਨਿਟੀ ਫਾਊਂਡੇਸ਼ਨ ਪੰਚਕੂਲਾ:-
ਮਾਨਵਤਾ ਦੀ ਮਦਦ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ, ਕਮਿਊਨਿਟੀ ਫਾਊਂਡੇਸ਼ਨ, ਪੰਚਕੂਲਾ ਬਹੁਤ ਵੱਡੀ ਜਿੰਮੇਵਾਰੀ ਨਿਭਾ ਰਿਹਾ ਹੈ, ਜੋ ਕਿ ਲੋੜਵੰਦਾਂ ਅਤੇ ਬਿਪਤਾ ਮਾਰੇ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਯਤਨਸ਼ੀਲ ਹੈ ਅਤੇ ਅਜਿਹੇ ਲੋੜਵੰਦਾਂ ਲੋਕਾਂ ਲਈ ਇੱਕ ਭਰੋਸੇ ਦੀ ਕਿਰਨ ਹੈ ਕਿ ਹਾਂ ,ਕੋਈ ਹੈ ਜ਼ੋ ਤੁਹਾਡੇ ਨਾਲ ਖੜ੍ਹਾ ਹੈ।
ਸਮੁੱਚੀ ਮਾਨਵਤਾ ਦੀ ਸੇਵਾ ਕਰਨ ਦੀ ਆਪਣੀ ਸਮਾਜਿਕ ਜਿੰਮੇਵਾਰੀ ਦੇ ਹਿੱਸੇ ਵਜੋਂ, ਕਮਿਊਨਿਟੀ ਫਾਊਂਡੇਸ਼ਨ ਵੱਲੋਂ ਘੱਗਰ ਪੁਲ ਦੇ ਨੇੜੇ ਪਿਛਲੇ 15 ਸਾਲਾਂ ਤੋਂ ਆਰਥਿਕ ਤੌਰ `ਤੇ ਪੱਛੜੇ ਬੱਚਿਆਂ ਲਈ ਰਾਵੀ ਪੰਧੇਰ (9888100030) ਦੀ ਅਗਵਾਈ ਹੇਠ ਵੱਖ-ਵੱਖ ਭਲਾਈ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
ਕਮਿਊਨਿਟੀ ਫਾਊਂਡੇਸ਼ਨ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕਰਦੀ ਹੈ, ਜਿਸ ਵਿੱਚ ਲੋੜਵੰਦ ਬੱਚਿਆਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਤੋਂ ਇਲਾਵਾ ਜਿਨਸੀ ਸ਼ੋਸ਼ਣ ਵਿਰੁੱਧ ਉਹਨਾਂ ਨੂੰ ਸਿੱਖਿਅਤ ਕਰਨਾ, ਖਾਸ ਤੌਰ ਤੇ ਔਰਤਾਂ ਨੂੰ ਸਵੈ-ਰੱਖਿਆ ਤਕਨੀਕਾਂ ਦੀ ਸਿਖਲਾਈ ਦੇਣਾ, ਸਹੀ ਤੇ ਲੋੜੀਂਦੀ ਸਵੱਛਤਾ ਰੱਖਣ ਸਬੰਧੀ ਭਾਵਨਾ ਪੈਦਾ ਕਰਨਾ ਸ਼ਾਮਲ ਹੈ।
ਵਿਸੇ਼ਸ ਤੌਰ `ਤੇ ਕੋਵਿਡ-19 ਮਹਾਂਮਾਰੀ ਦੇ ਸੰਕਟਕਾਲੀ ਦੌਰ ਵਿੱਚ ਸਾਥੀ ਮਨੁੱਖਤਾ ਦੀ ਸੇਵਾ ਕਰਦੇ ਹੋਏ ਅਤੇ ਇਸ ਔਖੀ ਘੜੀ ਵਿੱਚ ਮਾਨਵਤਾ ਦੇ ਝੰਡੇ ਨੂੰ ਬੁਲੰਦ ਰੱਖਦਿਆਂ ਅਤੇ `ਵਾਸੂਦੇਵ ਕੁਟੁੰਬਕਮ` (ਸਮੁੱਚਾ ਸੰਸਾਰ ਇੱਕ ਪਰਿਵਾਰ ਹੈ) ਦੇ ਆਦਰਸ਼ਾਂ `ਤੇ ਚੱਲਣ ਵਾਲੇ `ਕਮਿਊਨਿਟੀ ਫਾਊਂਡੇਸ਼ਨ ਪੰਚਕੂਲਾ` ਵੱਲੋਂ ਟਰਾਈ ਸਿਟੀ :ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਸਾਰੇ ਕੋਵਿਡ ਅਤੇ ਕੁਆਰੰਟੀਨ ਮਰੀਜ਼ਾਂ ਨੂੰ ਦੁਪਹਿਰ ਦਾ ਮੁਫਤ ਖਾਣਾ ਵੀ ਮੁਹੱਈਆ ਕੀਤਾ ਜਾ ਰਿਹਾ ਹੈ।
ਕਮਿਊਨਿਟੀ ਫਾਊਂਡੇਸ਼ਨ ਦਾ ਸਿਰਫ ਇੱਕੋ ਏਜੰਡਾ ਹੈ ਅਤੇ ਉਹ ਹੈ ਇਹ ਹੈ ਕਿ ਮਹਾਂਮਾਰੀ ਦੀ ਇਸ ਔਖੀ ਘੜੀ ਵਿੱਚ ਕੋਵਿਡ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਵਧ ਤੋਂ ਵੱਧ ਕੋਸਿ਼ਸ਼ ਕਰਨਾ ਕਿਉਂਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਲੋਕਾਂ ਦੀ ਮਦਦ ਕਰਨ ਲਈ ਇਕਜੁੱਟ ਹੋਣ ਦੀ ਲੋੜ ਹੈ।
105 ਆਰਟਸ:-
ਇਹ ਚੰਡੀਗੜ੍ਹ ਵਿੱਚ ਇੱਕ ਯੰਗ ਆਰਟ ਗੈਲਰੀ ਹੈ ਜਿਸਦੀ ਸਿਰਜਣਾ ਇੱਕ ਕਲਾ ਪ੍ਰੇਮੀ ਅਤੇ ਕਲਾ ਸੰਗ੍ਰਹਿਕਾਰ ਮਹਿਕ ਭਾਨ (9501059200) ਵੱਲੋਂ ਜੁਨੂੰਨ ਅਤੇ ਸਿ਼ੱਦਤ ਨਾਲ ਕੀਤੀ ਗਈ ਹੈ।
ਉਸਨੇ ਦੇਸ਼ ਦੇ ਪ੍ਰਮੁੱਖ ਸੰਸਥਾਨਾਂ – (ਲੇਡੀ ਸ਼੍ਰੀ ਰਾਮ ਕਾਲਜ) ਤੋਂ ਅਰਥ ਸ਼ਾਸਤਰ ਵਿੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਮਾਸਟਰਜ਼ ਕੀਤੀ ਅਤੇ ਹੁਣ ਉਹ ਕਲਾ ਜਗਤ ਵਿੱਚ ਸਥਾਪਤ ਹੋ ਰਹੀ ਹੈ।
105 ਆਰਟਸ ਦੀ ਸਥਾਪਨਾ ਇੱਕ ਪਾਸੇ ਉੱਭਰ ਰਹੇ ਅਤੇ ਸਥਾਪਿਤ ਕਲਾਕਾਰਾਂ ਅਤੇ ਦੂਜੇ ਪਾਸੇ ਪਹਿਲੀ ਵਾਰ ਦੇ ਖਰੀਦਦਾਰ, ਤਜਰਬੇਕਾਰ ਕੁਲੈਕਟਰ ਅਤੇ ਕਲਾ ਪ੍ਰੇਮੀ ਵਿਚਕਾਰ ਦੇ ਪਾੜੇ ਨੂੰ ਪੂਰਨ ਲਈ ਕੀਤੀ ਗਈ ਸੀ। ਇਸ ਤੋਂ ਇਲਾਵਾ, ਇਹ ਉਨ੍ਹਾਂ ਚਿੱਤਰਕਾਰਾਂ, ਮੂਰਤੀਕਾਰਾਂ, ਡਿਜ਼ੀਟਲ ਕਲਾਕਾਰਾਂ ਅਤੇ ਹੋਰਾਂ ਨੂੰ ਇੱਕ ਮੰਚ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਢੁਕਵਾਂ ਮੌਕਾ ਨਹੀਂ ਮਿਲਦਾ।
ਗੈਲਰੀ ਵੱਲੋਂ 26 ਮਾਰਚ ਤੋਂ 1 ਅਪ੍ਰੈਲ 2022 ਤੱਕ “ਲਗਾਵ” ਸਿਰਲੇਖ ਅਤੇ ਥੀਮ ਵਾਲੇ ਇੱਕ ਸ਼ੋਅ ਵਿੱਚ ਦੇਸ਼ ਭਰ ਦੇ ਕਈ ਪ੍ਰਸਿੱਧ ਕਲਾਕਾਰਾਂ ਵੱਲੋਂ ਆਪਣੀ ਅਗਲੀ ਕਲਾ ਪ੍ਰਦਰਸ਼ਨੀ ਦੀ ਮੇਜ਼ਬਾਨੀ ਕੀਤੀ ਜਾਣੀ ਹੈ। ਇਸ ਵਿੱਚ ਦੇਸ਼ ਦੇ ਉੱਘੇ ਕਲਾਕਾਰ ਜਿਵੇਂ ਆਨੰਦ ਪੰਚਾਲ, ਅਸਿਤ ਪਟਨਾਇਕ, ਭਾਸਕਰ ਰਾਓ ਬੋਚਾ, ਗੋਪਾਲ ਨਾਮਜੋਸ਼ੀ, ਜਗਨਨਾਥ ਪਾਲ, ਲਕਸ਼ਮਣ ਐਲੇ, ਮੋਨਿਕਾ ਘੁਲੇ, ਨਾਗੇਸ਼ ਘੋਡਕੇ, ਨਾਗੇਸ਼ ਗੌੜ, ਸਚਿਨ ਜਲਤਰੇ, ਸਚਿਨ ਸਾਗਰੇ ਅਤੇ ਸੰਥਾਨਾ ਕ੍ਰਿਸ਼ਨਨ ਸ਼ਾਮਲ ਹਨ।