ਛੱਤੀਸਗੜ੍ਹ : (ਬਿਓਰੋ ਰਿਪੋਰਟ), 26 ਫਰਵਰੀ 2023
ਆਰਮਡ ਫੋਰਸਿਜ਼ (ਸੀਏਐਫ) ਦਾ ਹੈੱਡ ਕਾਂਸਟੇਬਲ ਵਿਸਫੋਟ (ਆਈਈਡੀ ਬਲਾਸਟ) ਕਾਰਨ ਸ਼ਹੀਦ ਹੋ ਗਿਆ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ l
ਨਾਰਾਇਣਪੁਰ ਦੇ ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਹੇਮਸਾਗਰ ਸਿਦਾਰ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਓਰਛਾ ਥਾਣਾ ਖੇਤਰ ਦੇ ਅਧੀਨ ਬਟਮ ਪਿੰਡ ਨੇੜੇ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਨਕਸਲੀਆਂ ਵੱਲੋਂ ਬੈਨਰ ਲਗਾਉਣ ਦੀ ਸੂਚਨਾ ਮਿਲਣ ‘ਤੇ ਓਰਛਾ ਥਾਣੇ ਤੋਂ ਸੀਏਐਫ ਦੀ ਇੱਕ ਟੀਮ ਗਸ਼ਤ ਲਈ ਭੇਜੀ ਗਈ ਸੀ।
ਓਰਛਾ ਰਾਜ ਦੀ ਰਾਜਧਾਨੀ ਰਾਏਪੁਰ ਤੋਂ ਲਗਭਗ 300 ਕਿਲੋਮੀਟਰ ਦੂਰ ਹੈ। ਅਧਿਕਾਰੀ ਨੇ ਦੱਸਿਆ ਕਿ ਗਸ਼ਤੀ ਦਲ ਬਟਮ ਤੋਂ ਲੰਘ ਰਿਹਾ ਸੀ, ਜਦੋਂ ਸੀਏਐਫ ਦੀ 16ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਸੰਜੇ ਲਾਕੜਾ ਅਚਾਨਕ ਨਕਸਲੀਆਂ ਵੱਲੋਂ ਲਾਇਆ ਗਿਆ ਆਈਈਡੀ ‘ਤੇ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਲਾਕੜਾ ਜਸ਼ਪੁਰ ਜ਼ਿਲ੍ਹੇ ਦੇ ਪਿੰਡ ਬਾਮਹਾਨਪੁਰਾ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ‘ਚ ਨਕਸਲੀਆਂ ਖਿਲਾਫ ਮੁਹਿੰਮ ਜਾਰੀ ਹੈ। ਸੂਬੇ ਦੇ ਨਕਸਲ ਪ੍ਰਭਾਵਿਤ ਬਸਤਰ ਖੇਤਰ ਵਿੱਚ ਨਕਸਲੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਖੇਤਰ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਵਿੱਚ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸਮੇਤ ਤਿੰਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨ ਸ਼ਹੀਦ ਹੋ ਗਏ। 20 ਫਰਵਰੀ ਨੂੰ ਰਾਜ ਦੇ ਰਾਜਾਨੰਦਗਾਓਂ ਜ਼ਿਲ੍ਹੇ ਵਿੱਚ ਨਕਸਲੀਆਂ ਦੇ ਹਮਲੇ ਵਿੱਚ ਦੋ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਏ ਸਨ।