ਦਿੱਲੀ(ਬਿਓਰੋ ਰਿਪੋਰਟ), 27 ਫਰਵਰੀ 2023
ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ ਹੈੱਡਕੁਆਰਟਰ ‘ਚ ਪਹਿਲੀ ਰਾਤ ਬਿਤਾਈ। ਸੀਬੀਆਈ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਦੇ ਨਾਲ ਹੀ ਅੱਜ ਆਮ ਆਦਮੀ ਪਾਰਟੀ ਦਿੱਲੀ-ਯੂਪੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰੇਗੀ। ਆਮ ਆਦਮੀ ਪਾਰਟੀ ਦੀ ਤਰਫੋਂ ਦੱਸਿਆ ਗਿਆ ਹੈ ਕਿ ਅੱਜ ਦੁਪਹਿਰ 12 ਵਜੇ ਪਾਰਟੀ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰੇਗੀ।
‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੋਦੀ ਦੀ ਤਾਨਾਸ਼ਾਹੀ ਖ਼ਿਲਾਫ਼ ਅੰਦੋਲਨ ਹੋਵੇਗਾ। ‘ਆਪ’ ਯੂਪੀ ‘ਚ ਦੁਪਹਿਰ 2 ਵਜੇ ਪ੍ਰਦਰਸ਼ਨ ਕਰੇਗੀ।
ਕੇਜਰੀਵਾਲ ਤੇ ਭਗਵੰਤ ਮਾਨ ਨੇ ਸਿਸੋਦੀਆ ਦੀ ਪਤਨੀ ਨਾਲ ਮੁਲਾਕਾਤ ਕੀਤੀ:
ਇਸ ਦੇ ਨਾਲ ਹੀ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਸੋਦੀਆ ਦੇ ਘਰ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਉਨ੍ਹਾਂ ਦੀ ਪਤਨੀ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਹੈ, ਉਸ ਨੂੰ ਮਲਟੀਪਲ ਸਕਲੈਰੋਸਿਸ ਹੈ ਜਿਸ ਵਿੱਚ ਦਿਮਾਗ ਹੌਲੀ-ਹੌਲੀ ਸਰੀਰ ਉੱਤੇ ਆਪਣਾ ਕੰਟਰੋਲ ਗੁਆ ਲੈਂਦਾ ਹੈ।
ਉਹ ਘਰ ਵਿਚ ਇਕੱਲੀ ਹੈ। ਮਨੀਸ਼ ਉਸ ਦੀ ਦੇਖਭਾਲ ਕਰਦਾ ਸੀ।” ਉਸ ਨੇ ਕਿਹਾ ਕਿ ਸਿਸੋਦੀਆ ਦਾ ਬੇਟਾ ਪੜ੍ਹਾਈ ਲਈ ਸ਼ਹਿਰ ਤੋਂ ਬਾਹਰ ਹੈ।” ਅਸੀਂ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਚਿੰਤਾ ਨਾ ਕਰਨ ਲਈ ਕਿਹਾ ਕਿਉਂਕਿ ਉਸ ਦਾ ਪਤੀ ਬਹੁਤ ਬਹਾਦਰ ਵਿਅਕਤੀ ਹੈ ਜੋ ਦੇਸ਼ ਲਈ ਕੰਮ ਕਰ ਰਿਹਾ ਹੈ। ਦੇਸ਼ ਨੂੰ ਮਨੀਸ਼ ‘ਤੇ ਮਾਣ ਹੈ ਅਤੇ ਅਸੀਂ ਇਕ ਪਰਿਵਾਰ ਹਾਂ ਅਤੇ ਅਸੀਂ ਸਾਰੇ ਉਸ ਦੀ ਦੇਖਭਾਲ ਕਰਾਂਗੇ।
ਕੇਜਰੀਵਾਲ ਨੇ ਦੋਸ਼ ਲਾਇਆ ਕਿ ‘ਆਪ’ ਨੂੰ ਤੋੜਨ ਦੀ ਕੀਤੀ ਜਾ ਰਹੀ ਕੋਸ਼ਿਸ਼ :
ਸਿਸੋਦੀਆ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਨੇ ਸਿਸੋਦੀਆ ਨੂੰ “ਝੂਠੇ ਕੇਸ” ਵਿੱਚ ਗ੍ਰਿਫਤਾਰ ਕਰਕੇ ਆਮ ਆਦਮੀ ਪਾਰਟੀ ਦੀ ਟੀਮ ਨੂੰ “ਤੋੜਨ” ਲਈ ਹੀ ਗ੍ਰਿਫਤਾਰ ਕੀਤਾ ਹੈ, ਜੋ ਕਿ ਕਾਇਰਤਾ ਭਰੀ ਹਰਕਤ ਹੈ।
ਤੁਸੀਂ ਇਸ ਤੋਂ ਡਰਨ ਵਾਲੇ ਨਹੀਂ।ਸਾਡੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਪੈਦਾ ਹੋਈ ਹੈ। ਅਸੀਂ ਜ਼ਮੀਨੀ ਪੱਧਰ ਤੋਂ ਆਏ ਹਾਂ ਅਸੀਂ ਕੇਂਦਰ ਸਰਕਾਰ ਦੁਆਰਾ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਤੋਂ ਡਰਨ ਵਾਲੇ ਨਹੀਂ ਹਾਂ ਅਤੇ ਬਿਨਾਂ ਕਿਸੇ ਡਰ ਦੇ ਦੇਸ਼ ਦੀ ਸੇਵਾ ਕਰਦੇ ਰਹਾਂਗੇ।
ਦੇਸ਼ ਦੀ ਜਨਤਾ ਜਵਾਬ ਦੇਵੇਗੀ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕ ਜਵਾਬ ਦੇਣਗੇ ਕਿਉਂਕਿ ਉਹ ਦੇਖ ਰਹੇ ਹਨ ਕਿ ਕਿਵੇਂ “ਦੇਸ਼ ਭਗਤ ਅਤੇ ਇਮਾਨਦਾਰ ਲੋਕਾਂ” ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ।
ਜਦੋਂ ਕਿ ਦੇਸ਼ ਦੇ ਬੈਂਕਾਂ ਨੂੰ ਲੁੱਟਣ ਵਾਲਿਆਂ ਵਿਰੁੱਧ “ਕੋਈ ਕਾਰਵਾਈ ਨਹੀਂ ਕੀਤੀ ਜਾਂਦੀ”। ਉਪ ਮੁੱਖ ਮੰਤਰੀ ਸਿਸੋਦੀਆ ਨੂੰ ਹੁਣ ਖ਼ਤਮ ਕੀਤੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ।