1 ਅਪ੍ਰੈਲ 2023( ਕਮਲਜੀਤ ਸਿੰਘ ਬਨਵੈਤ)
ਕਿਸੇ ਵੀ ਵਿਅਕਤੀ ਦੇ ਭਵਿੱਖ ਬਾਰੇ ਕੱਪੜ-ਛਾਣ ਕਰਨ ਤੋਂ ਪਹਿਲਾਂ ਉਸ ਦੇ ਬੀਤੇ ਬਾਰੇ ਚੀਰਫਾੜ ਕਰਨੀ ਜ਼ਰੂਰੀ ਬਣਦੀ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਹਰ ਵਿਅਕਤੀ ਨਾਲ ਉਸਦਾ ਬੀਤਿਆ ਸਮਾਂ ਪਰਛਾਵੇਂ ਦੀ ਤਰ੍ਹਾਂ ਨਾਲੋ ਨਾਲ ਤੁਰਦਾ ਹੈ। ਫਿਰ ਵੀ ਇਹ ਦੇਖਣਾ ਹੁੰਦਾ ਹੈ ਕਿ ਜਿਸ ਸ਼ਖਸੀਅਤ ਦੇ ਭਵਿੱਖ ਬਾਰੇ ਭਵਿੱਖਬਾਣੀ ਕਰਨੀ ਹੁੰਦੀ ਹੈ ਉਸ ਦੀ ਅਦਾਕਾਰੀ ਲਈ ਮੰਚ ਖਾਲੀ ਵੀ ਪਿਆ ਹੈ ਕਿ ਨਹੀਂ। ਜੀ ਹਾਂ ਸਾਡਾ ਭਾਵ ਪੰਜਾਬ ਕਾਂਗਰਸ ਨੇ ਨੇਤਾ ਨਵਜੋਤ ਸਿੰਘ ਸਿੱਧੂ ਤੋਂ ਹੈਂ, ਜਿਹੜੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਬਾਹਰ ਆਏ ਹਨ। ਬੀਤੇ ਸਾਲ ਦੇ ਅੱਧ ਵਿੱਚ ਪੰਜਾਬੀ ਗਾਇਕ ਸੁਖਦੀਪ ਸਿੰਘ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਕਈ ਤਰ੍ਹਾਂ ਦੇ ਬਿਰਤਾਂਤ ਸਿਰਜੇ ਜਾਂਦੇ ਰਹੇ ਹਨ ਜਿਨ੍ਹਾਂ ਵਿੱਚ ਲਾਰੇਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਇੱਕ ਟੀਵੀ ਚੈਨਲ ਨੂੰ ਦੋ ਵਾਰ ਦਿੱਤੀ ਇੰਟਰਵਿਊ ਅਤੇ ਫੇਰ ਅਪ੍ਰੇਸ਼ਨ ਅੰਮ੍ਰਿਤਪਾਲ ਸ਼ਾਮਲ ਹੈ। ਇਸ ਸਾਰੇ ਸਮੇਂ ਅਤੇ ਬਿਰਤਾਂਤਾ ਵਿਚੋਂ ਨਵਜੋਤ ਸਿੰਘ ਸਿੱਧੂ ਮਨਫੀ ਰਿਹਾ ਹੈ। ਨਹੀਂ, ਪੂਰੀ ਵਿਰੋਧੀ ਧਿਰ ਗੈਰ ਹਾਜ਼ਰ ਰਹੀ ਹੈ। ਇਹ ਵੀ ਨਹੀਂ ਕਿ ਇਸ ਪੂਰੇ ਸਮੇਂ ਦੌਰਾਨ ਵਿਰੋਧੀ ਧਿਰ ਨੇ ਸਰਕਾਰ ਨੂੰ ਠਿੱਬੀ ਨਹੀਂ ਲਾਈ ਪਰ ਸੱਚ ਇਹ ਹੈ ਕਿ ਪੰਜਾਬ ਨਾਲ ਜੁੜੇ ਮਸਲਿਆਂ ਤੋਂ ਘੇਸ ਮਾਰ ਕੇ ਰੱਖੀ ਹੈ।
ਸਿਤਮ ਦੀ ਗੱਲ ਹੈ ਕਿ ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀ ਲੱਖਾਂ ਏਕੜ ਫ਼ਸਲ ਖਰਾਬ ਹੋ ਗਈ ਹੈ ਪਰ ਮਜ਼ਾਲ ਹੈ ਕਿ ਵਿਰੋਧੀ ਧਿਰ ਸਮੇਤ ਸੱਤਾਧਾਰੀਆਂ ਨੇ ਚਿੰਤਾ ਪਰਗਟ ਕੀਤੀ ਹੋਵੇ। ਅਪਰੇਸ਼ਨ ਅੰਮ੍ਰਿਤਪਾਲ ਅਤੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਦੀਆਂ ਬਰੂਹਾਂ ਤੇ ਲੱਗੀਆ ਕੌਮੀ ਇਨਸਾਫ ਮੋਰਚਾ ਵੀ ਦਬਾਅ ਲਿਆ ਹੈ। ਮੂਸੇ ਵਾਲਾ ਤੋਂ ਲੈ ਕੇ ਅੰਮ੍ਰਿਤਪਾਲ ਤੱਕ ਸਾਰੇ ਮਸਲਿਆਂ ‘ਤੇ ਇਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਹੁੰਦੀ ਰਹੀ ਹੈ। ਸਰਕਾਰ ਨੂੰ ਇਹ ਸਾਰਾ ਕੁਝ ਰਾਸ ਆ ਰਿਹਾ ਹੈ। ਸਰਕਾਰਾਂ ਤਾਂ ਹਮੇਸ਼ਾਂ ਇਹੋ ਚਾਹੁੰਦੀ ਆਂ ਹਨ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਰੱਖਿਆ ਜਾਵੇ ਅਤੇ ਵਿਰੋਧੀ ਧਿਰ ਗੁੰਗੀ ਬੋਲੀ ਬਣ ਕੇ ਰਹਿ ਜਾਵੇ। ਵਿਧਾਨ ਸਭਾ ਬਜਟ ਤੋਂ ਪਹਿਲਾਂ ਵਿਰੋਧੀ ਧਿਰ ਵਲੋਂ ਪ੍ਰਚਾਰ ਕੀਤਾ ਗਿਆ ਸੀ ਕਿ ਸਰਕਾਰ ਨੂੰ ਲੋਕ ਮੁੱਦਿਆਂ ਉੱਤੇ ਘੇਰਿਆ ਜਾਵੇਗਾ ਪਰ ਕੲਈ ਦਿਨਾਂ ਲਈ ਚੱਲੇ ਸ਼ੈਸ਼ਨ ਦੌਰਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ,ਸਰਕਾਰ ਨੂੰ ਸਦਨ ਤੋਂ ਬਾਹਰ ਆ ਕੇ ਭੰਡਦੀ ਰਹੀ ਹੈ। ਇਕ ਸੱਚ ਇਹ ਵੀ ਹੈ ਕਿ ਕਿਸੇ ਖਿਲਾਫ਼ ਬੋਲਣ ਤੋਂ ਪਹਿਲਾਂ ਆਪਣਾ ਦਾਮਨ ਵੀ ਸਾਫ ਹੋਣਾ ਚਾਹੀਦਾ ਹੈ। ਦੂਜਾ ਇਹ ਕਿ ਸਰਕਾਰ ਦੇ ਖਿਲਾਫ਼ ਬੋਲਣ ਲਈ ਤਿਆਰੀ ਕਰਨੀ ਪੈਂਦੀ ਹੈ ਜਦ ਕਿ ਸਾਡੇ ਵਿਧਾਇਕਾਂ ਨੂੰ ਹੋਮ ਵਰਕ ਕਰਨ ਦੀ ਆਦਤ ਨਹੀਂ ਹੈ। ਵਿਰੋਧੀ ਧਿਰ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ‘ਤੇ ਮੌਜੂਦਾ ਸਰਕਾਰ ਨੂੰ ਘੇਰਨ ਦਾ ਮੌਕਾ ਹੱਥੋਂ ਗੁਆ ਲਿਆ ਹੈ। ਕਾਂਗਰਸ ਨੂੰ ਛੱਡ ਕੇ ਅੱਗੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ-,ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਕਾਰਗੁਜ਼ਾਰੀ ਤਾਂ ਹੋਰ ਵੀ ਮਾੜੀ ਰਹੀ ਹੈ।
ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਵੱਡੇ ਪੱਧਰ ਤੇ ਜਸ਼ਨ ਮਨਾਏ ਜਾ ਰਹੇ ਹਨ ਜਿਵੇਂ ਉਸ ਨੇ ਸੰਸਦ ਵਿਚ ਮੈਂਬਰ ਪਾਰਲੀਮੈਂਟ ਵਜੋਂ, ਫਿਰ ਪੰਜਾਬ ਵਜਾਰਤ ਵਿਚ ਕੈਬਨਿਟ ਮੰਤਰੀ ਦੇ ਤੌਰ ‘ਤੇ ਅਤੇ ਬਾਅਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਚੰਗਾ ਨਾਮਣਾ ਖੱਟਿਆ ਹੋਵੇ। ਉਨ੍ਹਾਂ ਦੀ ਰਿਹਾਈ ਤੋਂ ਇੱਕ ਦਿਨ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਿੱਧੂ ਦੇ ਵਿਧਾਨ ਸਭਾ ਹਲਕੇ ਦੇ ਬਲਾਕ ਪ੍ਰਧਾਨ ਨਵਤੇਜ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੇ ਲੲਏ ਫ਼ੈਸਲੇ ਨੇ ਪੰਜਾਬ ਕਾਂਗਰਸ ਦੇ ਭਵਿੱਖ ਬਾਰੇ ਵੱਡੇ ਸੰਕੇਤ ਦੇ ਦਿਤੇ ਹਨ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਦੀ ਪਾਰਟੀ ਵਿੱਚੋਂ ਸੀਨੀਅਰ ਨੇਤਾ ਜਿਸ ਤਰ੍ਹਾਂ ਇਕ ਇਕ ਕਰਕੇ ਕਿਰਦੇ ਗਏ ਸਨ ਉਹ ਕਿਸੇ ਨੂੰ ਭੁੱਲਿਆ ਨਹੀਂ ਹੈ। ਮਹਾਰਾਜਾ ਅਮਰਿੰਦਰ ਸਿੰਘ ਨੂ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਅਗਲੇ ਉਮੀਦਵਾਰ ਤੇ ਗੁਣਾ ਪੈਣਾ ਸੀ ਤਾਂ ਅੰਦਰ ਖਾਤੇ ਸਭ ਤੋਂ ਘੱਟ ਵਿਧਾਇਕ ਸਿੱਧੂ ਦੇ ਹੱਕ ਵਿੱਚ ਭੁਗਤੇ ਸਨ।
ਨਵਜੋਤ ਸਿੰਘ ਸਿੱਧੂ ਲਗਭਗ ਦਸ ਮਹੀਨਿਆਂ ਦੇ ਕਰੀਬ ਸਮੇਂ ਬਾਅਦ ਜੇਲ੍ਹ ਚੋਂ ਬਾਹਰ ਆ ਰਹੇ ਹਨ। ਖਬਰਾਂ ਅਨੁਸਾਰ ਉਨ੍ਹਾਂ ਨੇ ਆਪਣਾ ਭਾਰ ਘਟਾਇਆ ਹੈ। ਸਾਧਨਾ ਕੀਤੀ ਹੈ। ਇਸ ਸਾਧਨਾ ਨਾਲ ਉਨ੍ਹਾਂ ਦੀ ਜੀਭ ਨੂੰ ਲਗਾਮ ਪੈ ਸਕੇਗੀ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਘੱਟੋ ਘੱਟ ਉਨ੍ਹਾਂ ਦੇ ਸੁਭਾਅ ਵਿੱਚ ਹੌਊਮੇ ਅਤੇ ਬੜਬੋਲਾਪਣ ਹੀ ਘੱਟ ਜਾਵੇ, ਤਾਂ ਉਨ੍ਹਾਂ ਦੀ ਗੁਆਚੀ ਭਲ ਬਣ ਸਕਦੀ ਹੈ। ਸਿੱਧੂ ਰੋਡਰੇਜ਼ ਮਾਮਲੇ ਵਿਚ 19 ਮਈ ਨੂੰ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਗਏ ਸਨ। ਲੱਗਪਗ ਪੈਂਤੀ ਸਾਲ ਪਹਿਲਾਂ ਉਹਨਾਂ ਦਾ ਪਟਿਆਲਾ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਬਜ਼ੁਰਗ ਗੁਰਨਾਮ ਸਿੰਘ ਨਾਲ ਝਗੜਾ ਹੋ ਗਿਆ ਸੀ। ਉਸ ਵੇਲੇ ਉਨ੍ਹਾਂ ਦਾ ਦੋਸਤ ਰੁਪਿੰਦਰ ਸੰਧੂ ਵੀ ਨਾਲ ਸੀ। ਸਿੱਧੂ ਦਾ ਮੁੱਕਾ ਗੁਰਨਾਮ ਸਿੰਘ ਲਈ ਜਾਨਲੇਵਾ ਸਾਬਤ ਹੋਇਆ। ਰੋਡਰੇਜ਼ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਬਾਅਦ ਪੁਲਿਸ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਕੋਲ ਜਾ ਪੁੱਜਾ । ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਇੱਕ ਸਾਲ ਦੀ ਸਖਤ ਸਜ਼ਾ ਸੁਣਾਈ ਗਈ ਸੀ। ਸਿੱਧੂ ਚੰਗੇ ਆਚਰਨ ਕਰਕੇ ਸਾਲ ਦੀ ਸਜ਼ਾ ਪੂਰੀ ਹੋਣ ਤੋਂ ਅਠਤਾਲੀ ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਹਨ।
ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀ ਹੋਵੇਗਾ ਕਿ ਤੇ ਸਰਕਾਰਾਂ ਸਿਆਸੀ ਪਾਰਟੀਆਂ ਹੱਥੋਂ ਮੁੱਦੇ ਖੋਹਣ ਅਤੇ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਸਮੇਂ-ਸਮੇਂ ਨਵੇਂ ਬਿਰਤਾਂਤ ਸਿਰਜਦੀਆਂ ਰਹਿੰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਦੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਅਤੇ ਅਸਲ ਮੁੱਦਿਆਂ ਨਾਲ ਜੋੜ ਕੇ ਰੱਖਣ ਵਿੱਚ ਕਿੰਨੀਆਂ ਕੁ ਸਫਲ ਹੁੰਦੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਪਾਰਟੀਆਂ ਹੀ ਨਹੀਂ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਵੀ ਲੋਕਾਂ ਦੀ ਗੱਲ ਕਰਨ ਦੀ ਥਾਂ ਨਿੱਜੀ ਹਿੱਤਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਨਵਜੋਤ ਸਿੰਘ ਸਿੱਧੂ ਹੁਣ ਜਦੋਂ ਜੇਲ ਵਿੱਚੋ ਬਾਹਰ ਆ ਗਏ ਹਨ ਤਾਂ ਕੀ ਉਹ ਆਪਣੀ ਗਵਾਚੀ ਭਲ ਬਣਾ ਸਕਣਗੇ ! ਜਲੰਧਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਤਸਵੀਰ ਵਿਚ ਨਵਾਂ ਰੰਗ ਭਰ ਸਕਣਗੇ , ਇਹ ਤਾਂ ਅਗਲੇ ਦਿਨ ਹੀ ਸਾਫ ਦਿਖਾਈ ਦੇਣ ਲੱਗ ਪਵੇਗਾ।
ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਵੇਲੇ ਕਾਂਗਰਸੀਆਂ ਵੱਲੋਂ ਢੋਲ ਦੇ ਡਗੇ ‘ਤੇ ਭੰਗੜਾ ਪਾਉਣਾ ਇੱਕ ਅਹਿਮਕਾਨਾ ਫੈਸਲਾ ਲੱਗਦਾ ਹੈ ਕਿਉਂਕਿ ਉਹ ਕੋਈ ਸਿਆਸੀ ਜੇਲ੍ਹ ਕੱਟ ਕੇ ਬਾਹਰ ਨਹੀਂ ਆ ਰਹੇ ਸਗੋਂ ਦੇਸ਼ ਦੀ ਸਿਖਰਲੀ ਅਦਾਲਤ ਨੇ ਉਨ੍ਹਾਂ ਨੂੰ ਕਤਲ ਦੇ ਦੋਸ਼ਾਂ ਤਹਿਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਸੀ।
ਪਿਛਲੇ ਸਮੇਂ ਤੋਂ ਪੰਜਾਬ ਵਿਚ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਸਿਰਝੇ ਜਾ ਰਹੇ ਬਿਰਤਾਂਤ ਤੋਂ ਸਬਕ ਸਿੱਖਣ ਦੀ ਲੋੜ ਹੈ। ਪੰਜਾਬੀ ਵੋਟਰ ਬਦਲਾਅ ਲਿਆਉਣ ਦੀ ਸਮਰੱਥਾ ਰੱਖਦਾ ਹੈ। ਸਿਆਸੀ ਪਾਰਟੀਆਂ ਨੂੰ ਘੱਟੋ-ਘੱਟ ਹੁਣ ਤਾਂ ਇਹ ਨਹੀਂ ਭੁੱਲਣਾ ਚਾਹੀਦਾ। ਕਾਂਗਰਸ ਜਿਹੜੀ ਸੱਤਾਧਾਰੀ ਤੋਂ ਵਿਰੋਧੀ ਧਿਰ ਵਿਚ ਜਾ ਬੈਠੀ ਹੈ , ਦਾ ਸਿਆਸਤ ਵਿਚ ਉਸਾਰੂ ਰੋਲ ਨਿਭਾਏ ਬਿਨਾਂ ਗੁਜ਼ਾਰਾ ਹੁੰਦਾ ਨਹੀਂ ਦਿਸਦਾ ਹੈ। ਨਵਜੋਤ ਸਿੰਘ ਸਿੱਧੂ ਇਸੇ ਕਾਂਗਰਸ ਪਾਰਟੀ ਦੇ ਇਕ ਵੱਡੇ ਕੱਦ ਵਾਲੇ ਨੇਤਾ ਹਨ।
98147 34035