ਯੂਪੀ (ਸਕਾਈ ਨਿਊਜ਼ ਪੰਜਾਬ), 22 ਅਕਤੂਬਰ 2022
ਯੂਪੀ ਦੇ 15 ਲੋਕਾਂ ਦੀ ਦਰਦਨਾਕ ਮੌਤ, ਮੱਧ ਪ੍ਰਦੇਸ਼ ਦੇ ਰੀਵਾ ‘ਚ ਸੁਹਾਗੀ ਪਹਾੜੀ ਨੇੜੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 40 ਲੋਕ ਜ਼ਖਮੀ ਹੋ ਗਏ। 40 ਜ਼ਖਮੀਆਂ ‘ਚੋਂ 20 ਨੂੰ ਪ੍ਰਯਾਗਰਾਜ (ਯੂ.ਪੀ.) ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀਆਂ ਨੂੰ ਵੀ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈl
ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੀਵਾ ਦੇ ਐਸਪੀ ਨਵਨੀਤ ਭਸੀਨ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨਾਲ ਭਰੀ ਬੱਸ ਹੈਦਰਾਬਾਦ ਤੋਂ ਗੋਰਖਪੁਰ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਵਾਰ ਸਾਰੇ ਲੋਕ ਯੂਪੀ ਦੇ ਰਹਿਣ ਵਾਲੇ ਹਨ। ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ।
ਸੀਐਮ ਯੋਗੀ ਆਦਿਤਿਆਨਾਥ ਨੇ ਸੀਐਮ ਸ਼ਿਵਰਾਜ ਨਾਲ ਗੱਲ ਕੀਤੀ :-
ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਐਮਪੀ ਦੇ ਰੀਵਾ ਵਿੱਚ ਹੋਏ ਸੜਕ ਹਾਦਸੇ ਉੱਤੇ ਸੋਗ ਜਤਾਇਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਮੱਧ ਪ੍ਰਦੇਸ਼ ਦੇ ਸੀਐਮ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਦੇ ਇਲਾਜ ਅਤੇ ਮ੍ਰਿਤਕ ਯੂਪੀ ਨਿਵਾਸੀਆਂ ਦੀਆਂ ਲਾਸ਼ਾਂ ਨੂੰ ਸੂਬੇ ਵਿੱਚ ਲਿਜਾਣ ਲਈ ਗੱਲਬਾਤ ਕੀਤੀ ਗਈ। ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।”
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੀਵਾ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੇ ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਯਾਤਰੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪ੍ਰਯਾਗਰਾਜ ਪਹੁੰਚਾਏਗੀ।
ਦੀਵਾਲੀ ਮਨਾਉਣ ਘਰ ਜਾ ਰਹੇ ਸਨ ਲੋਕ ਹਾਦਸੇ ਦਾ ਸ਼ਿਕਾਰ :-
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਦੇ ਸੋਹਾਗੀ ਪਹਾੜ ‘ਚ ਦੇਰ ਰਾਤ ਤਿੰਨ ਵਾਹਨਾਂ ਦੀ ਭਿਆਨਕ ਟੱਕਰ ‘ਚ ਕਰੀਬ 15 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਸ਼ੁੱਕਰਵਾਰ ਦੇਰ ਰਾਤ ਮੱਧ ਪ੍ਰਦੇਸ਼-ਉੱਤਰ ਪ੍ਰਦੇਸ਼ ਦੀ ਸਰਹੱਦ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ 30 ‘ਤੇ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਜ਼ਿਆਦਾਤਰ ਮਜ਼ਦੂਰ ਹਨ ਜੋ ਦੀਵਾਲੀ ਮਨਾਉਣ ਲਈ ਘਰ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਰੇਵਾ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਬੱਸ ‘ਚ ਫਸੇ ਯਾਤਰੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਜ਼ਖਮੀ ਲੋਕਾਂ ਨੂੰ ਤੁਰੰਤ ਸਥਾਨਕ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ।