ਭੂਪਾਲ(ਮੀਨਾਕਸ਼ੀ), 25 ਫ਼ਰਵਰੀ 2023
ਕੁਝ ਦਿਨ ਪਹਿਲਾਂ ਇੰਦੌਰ ਵਿੱਚ ਪੈਟਰੋਲ ਪਾ ਕੇ ਜਲ਼ਾਈ ਗਈ ਬੀਐੱਮ ਫਾਰਮੇਸੀ ਕਾਲਜ ਦੀ ਮਹਿਲਾ ਪ੍ਰਿੰਸੀਪਲ ਵਿਮੁਕਤਾ ਸ਼ਰਮਾ (55ਸਾਲ) ਦੀ ਅੱਜ ਸ਼ਨੀਵਾਰ ਸਵੇਰੇ 4 ਵਜੇ ਮੌਤ ਹੋ ਗਈ।ਜਿਸ ਤੋਂ ਬਾਅਦ ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।ਪ੍ਰਿੰਸੀਪਲ ਸ਼ਰਮਾ ਪਿਛਲੇ ਪੰਜ ਦਿਨਾਂ ਤੋਂ ਚੋਥਰਾਮ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਸ ‘ਤੇ ਕਾਲਜ ਕੈਂਪਸ ‘ਚ ਸਾਬਕਾ ਵਿਿਦਆਰਥੀ ਆਸ਼ੂਤੋਸ਼ ਸ਼੍ਰੀਵਾਸਤਵ ਵੱਲੋਂ ਹਮਲਾ ਕੀਤਾ ਗਿਆ ਸੀ।
ਉਹ ਮਾਰਕ ਸ਼ੀਟ ਨਾ ਮਿਲਣ ਅਤੇ ਪ੍ਰੋਫੈਸਰ ਵੱਲੋਂ ਚਾਕੂਬਾਜ਼ੀ ਦਾ ਮਾਮਲਾ ਦਰਜ ਕਰਵਾਏ ਜਾਣ ਕਾਰਨ ਕਾਲਜ ਮੈਨੇਜਮੈਂਟ ਤੋਂ ਨਾਰਾਜ਼ ਸੀ। ਕੁਲੈਕਟਰ ਨੇ ਮੁਲਜ਼ਮ ਵਿਿਦਆਰਥੀ ਖਿਲਾਫ਼ ਰਸੁਕਾ ਵੀ ਲਗਾਇਆ ਹੈ।ਇੱਥੇ ਜਾਂਚ ਦੌਰਾਨ ਪੁਲੀਸ ਨੂੰ ਅੱਗਜ਼ਨੀ ਦੀ ਘਟਨਾ ਨਾਲ ਸਬੰਧਤ ਚਾਰ ਗਵਾਹ ਮਿਲੇ ਹਨ। ਇਨ੍ਹਾਂ ‘ਚੋਂ ਇੱਕ ਦਾ ਬਿਆਨ ਲੈ ਲਿਆ ਗਿਆ ਹੈ।
ਪੁਲੀਸ ਨੇ ਮੁਲਜ਼ਮ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਅੱਜ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਿਮਰੋਲ ਦੇ ਟੀਆਈ ਆਰ.ਐਨ.ਭਦੋਰੀਆ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਪੰਪ ਤੋਂ ਮੁਲਜ਼ਮ ਆਸ਼ੂਤੋਸ਼ ਨੇ ਬਾਈਕ ਵਿੱਚ ਪੈਟਰੋਲ ਪਾਇਆ ਸੀ, ਉਸ ਪੰਪ ਦੇ ਮਾਲਕ ਅਤੇ ਤੇਜਾਜੀ ਨਗਰ ਦੇ ਜਨਰਲ ਸਟੋਰ ਸੰਚਾਲਕ, ਜਿਸ ਤੋਂ ਬਾਲਟੀ ਖਰੀਦੀ ਸੀ, ਦੇ ਬਿਆਨ ਵੀ ਦਰਜ ਹਨ। ਦੂਜੇ ਪਾਸੇ ਘਟਨਾ ਦੇ ਚਸ਼ਮਦੀਦ ਸੁਨੀਲ ਖ਼ੈਰ ਨੇ ਦੱਸਿਆ ਕਿ ਆਸ਼ੂਤੋਸ਼ ਨੇ ਬਾਲਟੀ ਭਰ ਕੇ ਮੈਡਮ ‘ਤੇ ਪੈਟਰੋਲ ਪਾ ਦਿੱਤਾ ਸੀ।