ਉੜੀਸਾ(ਸਕਾਈ ਨਿਊਜ਼ ਪੰਜਾਬ), 3 ਨਵੰਬਰ 2022
ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਸਖ਼ਤ ਸੁਰੱਖਿਆ ਵਾਲੇ ਰਾਜ ਭਵਨ ਕੰਪਲੈਕਸ ਵਿੱਚ ਖੜ੍ਹੇ ਚੰਦਨ ਦੇ ਦਰੱਖਤ ਨੂੰ ਕਥਿਤ ਤੌਰ ’ਤੇ ਚੋਰੀ-ਚੋਰੀ ਵੱਢ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਰੱਖਤ ਮੰਗਲਵਾਰ ਨੂੰ ਕੱਟਿਆ ਗਿਆ ਸੀ, ਜਿਸ ਦੇ ਸਬੰਧ ਵਿੱਚ ਰਾਜ ਭਵਨ ਨੇ ਇੱਥੇ ਰਾਜਧਾਨੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੇ ਹਨ ਪਰ ਅਜੇ ਤੱਕ ਚੋਰਾਂ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਅਸਲ ਦੋਸ਼ੀ ਨੂੰ ਫੜ ਲਿਆ ਜਾਵੇਗਾ। ਚੰਦਨ ਦੀ ਲੱਕੜ ਨੂੰ ਕੱਟ ਕੇ ਹੋਰ ਕਿਤੇ ਲਿਜਾਣ ਲਈ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਇਹ ਲੱਕੜ ਮੁੱਖ ਤੌਰ ‘ਤੇ ਚੰਦਨ ਦਾ ਤੇਲ ਕੱਢਣ ਲਈ ਵਰਤੀ ਜਾਂਦੀ ਹੈ।