ਦਿੱਲੀ (ਸਕਾਈ ਨਿਊਜ਼ ਪੰਜਾਬ), 28 ਜੂਨ 2022
ਦੇਸ਼ ਦੇ ਲਗਪਗ ਸਾਰੇ ਰਾਜਾਂ ਵਿੱਚ ਤਪਸ਼ ਦਾ ਸਿਲਸਿਲਾ ਜਾਰੀ ਹੈ ਅਤੇ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਪਰ ਮੌਸਮ ਵਿਭਾਗ ਮੁਤਾਬਕ ਦੇਸ਼ ਵਾਸੀਆਂ ਨੂੰ ਜਲਦ ਹੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਅਗਲੇ 24 ਘੰਟੇ ਯਾਨੀ 28 ਜੂਨ ਤੱਕ ਦੇਸ਼ ਦੇ ਕਈ ਰਾਜਾਂ ਵਿੱਚ ਦਸਤਕ ਦੇਣ ਵਾਲਾ ਹੈ। ਮਾਨਸੂਨ ਦੇ ਉਨ੍ਹਾਂ ਹਿੱਸਿਆਂ ‘ਚ ਵੀ ਪਹੁੰਚਣ ਦੀ ਉਮੀਦ ਹੈ ਜਿੱਥੇ ਇਸ ਦੀ ਅਜੇ ਉਡੀਕ ਹੈ।
ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੋਆ ਵਿੱਚ ਮੀਂਹ ਪਵੇਗਾ:- ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ ਸਮੇਤ ਬਿਹਾਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਪੱਛਮੀ ਬੰਗਾਲ ਦੇ ਕਈ ਇਲਾਕਿਆਂ ‘ਚ ਵੀ ਬਾਰਿਸ਼ ਹੋਵੇਗੀ। ਇਸੇ ਤਰ੍ਹਾਂ ਰਾਂਚੀ, ਜਮਸ਼ੇਦਪੁਰ, ਡਾਲਟਨਗੰਜ, ਦੇਵਘਰ ਸਮੇਤ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ‘ਚ ਬਾਰਿਸ਼ ਹੋਵੇਗੀ। ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੋਆ ਵਿੱਚ ਅੱਜ ਚੰਗੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ‘ਚ ਕਿਤੇ-ਕਿਤੇ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ।
ਗੁਜਰਾਤ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ:-
ਇਸ ਤੋਂ ਇਲਾਵਾ ਗੁਜਰਾਤ ‘ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਬਾਰਿਸ਼ ਦੀ ਪੂਰੀ ਸੰਭਾਵਨਾ ਹੈ। ਕਰਨਾਟਕ ਅਤੇ ਤਾਮਿਲਨਾਡੂ ਵਿੱਚ ਹਲਕੀ ਬਾਰਿਸ਼ ਹੋਵੇਗੀ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ ਵਿਚ ਕਈ ਥਾਵਾਂ ‘ਤੇ ਬਾਰਿਸ਼ ਹੋਵੇਗੀ।
ਰਾਜਸਥਾਨ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ:-
ਇਸੇ ਤਰ੍ਹਾਂ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਅੱਜ ਸ਼ਾਮ ਤੋਂ ਹੀ ਬੱਦਲ ਆਉਣੇ ਸ਼ੁਰੂ ਹੋ ਜਾਣਗੇ ਅਤੇ ਜਲਦੀ ਹੀ ਮੀਂਹ ਵੀ ਦੇਖਣ ਨੂੰ ਮਿਲੇਗਾ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿੱਚ ਅਜਮੇਰ, ਕੋਟਾ, ਉਦੈਪੁਰ, ਪ੍ਰਤਾਪਗੜ੍ਹ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ‘ਚ ਅਜੇ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਦਿੱਲੀ-ਐਨਸੀਆਰ ਅਤੇ ਉੱਤਰਾਖੰਡ ਵਿੱਚ ਚੰਗੀ ਬਾਰਿਸ਼ ਹੋਵੇਗੀ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।