ਗੁਰੂਗ੍ਰਾਮ (ਸਕਾਈ ਨਿਊਜ਼ ਪੰਜਾਬ), 6 ਅਕਤੂਬਰ 2022
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਝਗੜਾ ਸੁਲਝਾਉਣ ਲਈ ਆਈ ਪੁਲੀਸ ਪਾਰਟੀ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਚਾਰ ਪੁਲੀਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਮੁੱਢਲੀ ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਦੇ ਜੀਵਨ ਹਸਪਤਾਲ ‘ਚ ਦੋ ਵਿਅਕਤੀ ਦਵਾਈ ਲੈਣ ਆਏ ਸਨ ਅਤੇ ਦਵਾਈਆਂ ਦੀ ਅਦਾਇਗੀ ਨਾ ਹੋਣ ਕਾਰਨ ਦੋਵਾਂ ਦੀ ਹਸਪਤਾਲ ਦੇ ਸਟਾਫ ਨਾਲ ਬਹਿਸ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਪੁਲਸ ਨੂੰ ਬੁਲਾਇਆ ਪਰ ਜਿਵੇਂ ਹੀ ਪੁਲਸ ਦੀ ਗੱਡੀ ਪਹੁੰਚੀ ਤਾਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਵਿੱਚ ਮੁਲਜ਼ਮਾਂ ਨੂੰ ਪੀਸੀਆਰ ਵੈਨ ਦੀ ਭੰਨਤੋੜ ਕਰਦੇ ਦੇਖਿਆ ਜਾ ਸਕਦਾ ਹੈ।
ਹਸਪਤਾਲ ਦੇ ਸਟਾਫ ‘ਤੇ ਪਹਿਲਾ ਹਮਲਾ:-
ਘਟਨਾ ਬਾਰੇ ਜੀਵਨ ਹਸਪਤਾਲ ਦੇ ਸੁਨੀਲ ਤੰਵਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਦੋ ਵਿਅਕਤੀਆਂ ਨੇ ਸਾਡੇ ਹਸਪਤਾਲ ਦੇ ਸਟਾਫ ‘ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ, ਪਰ ਜਿਵੇਂ ਹੀ ਪੁਲਿਸ ਕਰਮਚਾਰੀ ਪਹੁੰਚੇ ਤਾਂ ਦੋਸ਼ੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ।
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ :-
ਘਟਨਾ ਦੇ ਸਬੰਧ ਵਿੱਚ ਭੌਂਡਸੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਰਾਤ ਨੂੰ ਹਸਪਤਾਲ ਵਿੱਚ ਕੁਝ ਲੋਕਾਂ ਦੇ ਝਗੜੇ ਦੀ ਸ਼ਿਕਾਇਤ ਮਿਲੀ ਸੀ। ਅਸੀਂ ਉੱਥੇ ਪੀਸੀਆਰ ਭੇਜੀ ਸੀ। ਝਗੜਾ ਕਰਨ ਵਾਲੇ ਲੋਕਾਂ ਨੇ ਪੁਲਿਸ ‘ਤੇ ਹਮਲਾ ਕਰਕੇ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 323, 332, 353, 307 ਤਹਿਤ ਕੇਸ ਦਰਜ ਕੀਤਾ ਗਿਆ ਹੈ।