ਨਿਊਜ਼ ਡੈਸਕ(ਸਕਾਈ ਨਿਊਜ਼ ਪੰਜਾਬ), 25 ਜਨਵਰੀ 2022
ਮੀਰਪੁਰ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਭਾਰਤ ਦੇ ਦੋ ਸ਼ੇਰਾਂ-ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਨੇ ਕਮਾਲ ਕਰ ਦਿੱਤਾ। ਬੰਗਲਾਦੇਸ਼ ਤੋਂ ਮਿਲੇ 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ ਇਕ ਸਮੇਂ 74 ਦੌੜਾਂ ‘ਤੇ 7 ਵਿਕਟਾਂ ਗੁਆ ਦਿੱਤੀਆਂ ਸਨ। ਪਰ ਅਈਅਰ ਅਤੇ ਅਸ਼ਵਿਨ ਨੇ 8ਵੀਂ ਵਿਕਟ ਲਈ ਰਿਕਾਰਡ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 3 ਵਿਕਟਾਂ ਨਾਲ ਜਿੱਤ ਦਿਵਾਈ।
ਖੇਡ ਦੇ ਚੌਥੇ ਦਿਨ ਭਾਰਤੀ ਟੀਮ ਨੇ 45/4 ਤੋਂ ਪਾਰੀ ਸ਼ੁਰੂ ਕੀਤੀ। ਜੈਦੇਵ ਉਨਾਦਕਟ (13 ਦੌੜਾਂ) ਸ਼ਾਕਿਬ ਅਲ ਹਸਨ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਰਿਸ਼ਭ ਪੰਤ ਸਿਰਫ 9 ਦੌੜਾਂ ਬਣਾ ਕੇ ਮੇਹਦੀ ਹਸਨ ਮਿਰਾਜ ਦਾ ਸ਼ਿਕਾਰ ਬਣ ਗਏ। ਅਕਸ਼ਰ ਪਟੇਲ ਵੀ 34 ਦੌੜਾਂ ਦੀ ਪਾਰੀ ਖੇਡ ਕੇ ਮੇਹਦੀ ਹਸਨ ਮਿਰਾਜ ਦਾ ਪੰਜਵਾਂ ਸ਼ਿਕਾਰ ਬਣੇ।
ਸ਼੍ਰੇਅਸ ਅਈਅਰ ਅਤੇ ਆਰ.ਅਸ਼ਵਿਨ ਨੇ ਤਿੰਨ ਤੇਜ਼ ਵਿਕਟਾਂ ਦੇ ਬਾਅਦ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦਿਵਾਉਣ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਸ਼੍ਰੇਅਸ ਅਈਅਰ ਨੇ 46 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮਦਦ ਨਾਲ ਅਜੇਤੂ 29 ਦੌੜਾਂ ਅਤੇ ਰਵੀਚੰਦਰਨ ਅਸ਼ਵਿਨ ਨੇ 62 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 42 ਦੌੜਾਂ ਦੀ ਅਜੇਤੂ ਅਤੇ ਮੈਚ ਜੇਤੂ ਪਾਰੀ ਖੇਡੀ।
ਅਈਅਰ ਅਤੇ ਅਸ਼ਵਿਨ ਨੇ 8ਵੀਂ ਵਿਕਟ ਲਈ ਰਿਕਾਰਡ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 3 ਵਿਕਟਾਂ ਨਾਲ ਜਿੱਤ ਦਿਵਾਈ। ਅੱਠਵੀਂ ਵਿਕਟ ਲਈ ਭਾਰਤ ਦੀ ਇਹ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਬੰਗਲਾਦੇਸ਼ ਕੋਲ ਅਸ਼ਵਿਨ ਨੂੰ ਆਊਟ ਕਰਨ ਦਾ ਮੌਕਾ ਸੀ, ਪਰ ਮੋਮਿਨੁਲ ਹੱਕ ਨੇ ਸ਼ਾਰਟ ਲੈੱਗ ‘ਤੇ ਉਸ ਦਾ ਸਧਾਰਨ ਕੈਚ ਛੱਡ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ ਹੈ। ਭਾਰਤ ਨੇ ਪਹਿਲਾ ਟੈਸਟ ਮੈਚ ਵੀ 188 ਦੌੜਾਂ ਨਾਲ ਜਿੱਤਿਆ ਸੀ।
ਰਵੀਚੰਦਰਨ ਅਸ਼ਵਿਨ ਨੂੰ ਮੈਨ ਆਫ ਦਾ ਮੈਚ ਅਤੇ ਚੇਤੇਸ਼ਵਰ ਪੁਜਾਰਾ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ। ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ 12 ਦੌੜਾਂ ਬਣਾਉਣ ਤੋਂ ਇਲਾਵਾ ਅਸ਼ਵਿਨ ਨੇ 71 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਸ ਨੇ ਦੂਜੀ ਪਾਰੀ ਵਿੱਚ 66 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਤੋਂ ਇਲਾਵਾ 42 ਦੌੜਾਂ ਦੀ ਅਜੇਤੂ ਅਤੇ ਮੈਚ ਜੇਤੂ ਪਾਰੀ ਵੀ ਖੇਡੀ।
ਪੁਜਾਰਾ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ ਕੁੱਲ 222 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਦੂਜੀ ਪਾਰੀ ਵਿੱਚ 63 ਦੌੜਾਂ ਦੇ ਕੇ ਪੰਜ ਵਿਕਟਾਂ ਅਤੇ ਕਪਤਾਨ ਸ਼ਾਕਿਬ ਅਲ ਹਸਨ ਨੇ 50 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾਈਆਂ ਸਨ, ਭਾਰਤ ਲਈ ਅਸ਼ਵਿਨ ਅਤੇ ਉਮੇਸ਼ ਯਾਦਵ ਨੇ ਚਾਰ-ਚਾਰ ਵਿਕਟਾਂ ਲਈਆਂ ਸਨ। ਉਨਾਦਕਟ ਨੂੰ ਦੋ ਸਫ਼ਲਤਾ ਮਿਲੀ। ਬੰਗਲਾਦੇਸ਼ ਦੀ ਪਹਿਲੀ ਪਾਰੀ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਰਿਸ਼ਭ ਪੰਤ (93 ਦੌੜਾਂ) ਅਤੇ ਸ਼੍ਰੇਅਸ ਅਈਅਰ (87 ਦੌੜਾਂ) ਦੀਆਂ ਪਾਰੀਆਂ ਨਾਲ 314 ਦੌੜਾਂ ਬਣਾਈਆਂ।
ਬੰਗਲਾਦੇਸ਼ ਦੀ ਦੂਜੀ ਪਾਰੀ 231 ਦੌੜਾਂ ‘ਤੇ ਸਮਾਪਤ ਹੋ ਗਈ। ਅਕਸ਼ਰ ਪਟੇਲ ਨੂੰ ਦੂਜੀ ਪਾਰੀ ਵਿੱਚ ਤਿੰਨ ਸਫ਼ਲਤਾ ਮਿਲੀ, ਜਦੋਂ ਕਿ ਅਸ਼ਵਿਨ ਅਤੇ ਸਿਰਾਜ ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਨੂੰ ਪਹਿਲੀ ਪਾਰੀ ‘ਚ 87 ਦੌੜਾਂ ਦੀ ਬੜ੍ਹਤ ਦੇ ਆਧਾਰ ‘ਤੇ 145 ਦੌੜਾਂ ਦਾ ਟੀਚਾ ਮਿਲਿਆ। ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਖੇਡ ਦੇ ਤੀਜੇ ਦਿਨ ਚਾਰ ਵਿਕਟਾਂ ਗੁਆ ਲਈਆਂ ਸਨ। ਭਾਰਤ ਲਈ ਦੂਜੀ ਪਾਰੀ ਵਿੱਚ ਕੇਐਲ ਰਾਹੁਲ (02 ਦੌੜਾਂ), ਚੇਤੇਸ਼ਵਰ ਪੁਜਾਰਾ (06 ਦੌੜਾਂ), ਸ਼ੁਭਮਨ ਗਿੱਲ (07 ਦੌੜਾਂ) ਅਤੇ ਵਿਰਾਟ ਕੋਹਲੀ (01 ਦੌੜਾਂ) ਨੇ ਨਿਰਾਸ਼ ਕੀਤਾ।