ਨਵੀਂ ਦਿੱਲੀ (ਸਕਾਈ ਨਿਊਜ਼ ਪੰਜਾਬ), 14 ਮਈ 2022
ਪੱਛਮੀ ਦਿੱਲੀ ‘ਚ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਇਕ ਤਿੰਨ ਮੰਜ਼ਿਲਾ ਵਪਾਰਕ ਇਮਾਰਤ ‘ਚ ਅੱਗ ਲੱਗਣ ਦੇ ਹਾਦਸੇ ‘ਚ ਹੁਣ ਤੱਕ 27 ਲਾਸ਼ਾਂ ਮਿਲੀਆਂ ਹਨ ਅਤੇ ਕਈ ਲੋਕ ਅਜੇ ਵੀ ਫਸੇ ਹੋਏ ਹਨ। ਇਸ ਤੋਂ ਪਹਿਲਾਂ ਇੱਕ ਔਰਤ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਜਦਕਿ 12 ਲੋਕ ਜ਼ਖਮੀ ਵੀ ਹੋਏ ਹਨ। ਤੀਜੀ ਮੰਜ਼ਿਲ ਅਜੇ ਵੀ ਪਹੁੰਚ ਤੋਂ ਬਾਹਰ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤਾਜ ਅਪਡੇਟ ਦੇ ਮੁਤਾਬਕ ਹੁਣ ਤੱਕ 100 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਦਿੱਲੀ ਦੇ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ, ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਅੱਜ ਸ਼ਾਮ ਨੂੰ ਅੱਗ ਲੱਗਣ ਵਾਲੀ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿੱਚੋਂ ਕੁੱਲ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤੀਜੀ ਮੰਜ਼ਿਲ ਲਈ ਖੋਜ ਜਾਰੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ :-
ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਦਿੱਲੀ ‘ਚ ਲੱਗੀ ਭਿਆਨਕ ਅੱਗ ਕਾਰਨ ਹੋਏ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਨਾਲ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਪ੍ਰਧਾਨ ਮੰਤਰੀ ਫੰਡ ਤੋਂ ਸਹਾਇਤਾ ਦਿੱਤੀ ਜਾਵੇਗੀ ਦਿੱਲੀ ਦੇ ਮੁੰਡਕਾ ‘ਚ ਅੱਗ ਲੱਗਣ ਦੀ ਘਟਨਾ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਗ ਪ੍ਰਗਟ ਕੀਤਾ ਹੈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਰਾਸ਼ਟਰਪਤੀ ਨੇ ਟਵੀਟ ਕਰ ਕੇ ਕਿਹਾ, ”ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਕ ਇਮਾਰਤ ‘ਚ ਭਿਆਨਕ ਅੱਗ ਦੀ ਦੁਰਘਟਨਾ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਕਰੀਬ 50-60 ਲੋਕਾਂ ਨੂੰ ਬਚਾਇਆ ਗਿਆ, ਕਈ ਲੋਕ ਫਸੇ ਹੋਏ ਹਨ
ਦਿੱਲੀ ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਅੱਜ ਸ਼ਾਮ ਨੂੰ ਅੱਗ ਲੱਗਣ ਵਾਲੀ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਕੁਝ ਲੋਕ ਅਜੇ ਵੀ ਫਸੇ ਹੋਏ ਹਨ।
ਬਾਹਰੀ ਜ਼ਿਲ੍ਹੇ ਦੇ ਡੀਸੀਪੀ ਸਮੀਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬਚਾਅ ਕਾਰਜ ਜਾਰੀ ਹੈ। ਇਲਾਕੇ ਦੀ ਘੇਰਾਬੰਦੀ ਕਰਕੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਕਰੀਬ 15 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ ਅਤੇ ਹੋਰ ਆ ਰਹੇ ਹਨ। ਦੋ ਮੰਜ਼ਿਲਾਂ ‘ਤੇ ਅੱਗ ਲੱਗੀ ਹੋਈ ਹੈ। ਕਰੀਬ 50-60 ਲੋਕਾਂ ਨੂੰ ਬਚਾਇਆ ਗਿਆ ਅਤੇ 10 ਜ਼ਖਮੀ ਹੋ ਗਏ। ਮੁੰਡਕਾ ਮੈਟਰੋ ਸਟੇਸ਼ਨ ਦੇ ਪਿੱਲਰ ਨੰਬਰ 544 ਨੇੜੇ ਇਮਾਰਤ ਨੂੰ ਅੱਗ ਲੱਗ ਗਈ ਹੈ।
ਮੌਕੇ ‘ਤੇ 24 ਫਾਇਰ ਟੈਂਡਰ ਭੇਜੇ ਗਏ ਹਨ:-
ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਸ਼ਾਮ ਕਰੀਬ 4.40 ਵਜੇ ਮਿਲੀ, ਜਿਸ ਤੋਂ ਬਾਅਦ 24 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਡਕਾ ਮੈਟਰੋ ਸਟੇਸ਼ਨ ਦੇ ਪਿੱਲਰ ਨੰਬਰ 544 ਨੇੜੇ ਸਥਿਤ ਇਮਾਰਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਮੌਜੂਦ ਹਨ ਅਤੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੌਕੇ ‘ਤੇ ਐਂਬੂਲੈਂਸ ਵੀ ਮੌਜੂਦ ਹਨ।
ਖਿੜਕੀਆਂ ਦੇ ਤਾਲੇ ਤੋੜ ਕੇ ਫਸੇ ਲੋਕਾਂ ਨੂੰ ਬਚਾਇਆ ਗਿਆ:-
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੁਲਸ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਇਮਾਰਤ ‘ਚ ਫਸੇ ਲੋਕਾਂ ਨੂੰ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬਾਹਰੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਸਮੀਰ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਕੰਪਨੀਆਂ ਦੇ ਦਫ਼ਤਰ ਹਨ।
ਕੰਪਨੀ ਮਾਲਕ ਪੁਲੀਸ ਹਿਰਾਸਤ ਵਿੱਚ :-
ਡੀਸੀਪੀ ਮੁਤਾਬਕ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿੱਥੇ ਸੀਸੀਟੀਵੀ ਕੈਮਰੇ ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਹੈ। ਪੁਲੀਸ ਨੇ ਦੱਸਿਆ ਕਿ ਕੰਪਨੀ ਦਾ ਮਾਲਕ ਪੁਲੀਸ ਹਿਰਾਸਤ ਵਿੱਚ ਹੈ। ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।