ਆਸਾਮ (ਸਕਾਈ ਨਿਊਜ਼ ਪੰਜਾਬ), 24 ਜੂਨ 2022
ਆਸਾਮ ਇਸ ਸਮੇਂ ਹੜ੍ਹਾਂ ਅਤੇ ਮੀਂਹ ਦੀ ਮਾਰ ਝੱਲ ਰਿਹਾ ਹੈ। ਵੀਰਵਾਰ ਨੂੰ ਅਸਾਮ ‘ਚ ਹੜ੍ਹ ਕਾਰਨ ਹਾਲਾਤ ਵਿਗੜ ਗਏ। ਇਸ ਤਬਾਹੀ ‘ਚ 7 ਹੋਰ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਹੁਣ ਤੱਕ ਮੀਂਹ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 108 ਹੋ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਸਿਲਚਰ ਸ਼ਹਿਰ ਦਾ ਹਵਾਈ ਸਰਵੇਖਣ ਕੀਤਾ। ਅਸਾਮ ਰਾਜ ਆਫ਼ਤ ਪ੍ਰਬੰਧਨ ਵਿਭਾਗ ਅਨੁਸਾਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ।
32 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ:-
ਅਸਾਮ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ 32 ਜ਼ਿਲ੍ਹਿਆਂ ਵਿੱਚ 54.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪਰ ਹੁਣ ਸਿਰਫ਼ 30 ਜ਼ਿਲ੍ਹਿਆਂ ਦੇ 45.34 ਲੱਖ ਲੋਕ ਹੀ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਸ਼ਰਨ ਲੈਣੀ ਪਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ‘ਚ ਹੜ੍ਹ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਰਾਜ ਦੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ- ਸੈਨਾ ਅਤੇ ਐਨਡੀਆਰਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੌਜੂਦ ਹਨ। ਉਹ ਬਚਾਅ ਕਾਰਜ ਚਲਾ ਰਹੇ ਹਨ ਅਤੇ ਲੋਕਾਂ ਦੀ ਮਦਦ ਕਰ ਰਹੇ ਹਨ। ਹਵਾਈ ਸੈਨਾ ਨੇ ਬਚਾਅ ਮੁਹਿੰਮ ਦੇ ਹਿੱਸੇ ਵਜੋਂ 250 ਤੋਂ ਵੱਧ ਉਡਾਣਾਂ ਕੀਤੀਆਂ ਹਨ।ਇਸ ਦੌਰਾਨ, ਵੀਰਵਾਰ ਨੂੰ ਕਛਰ ਅਤੇ ਬਾਰਪੇਟ ਵਿੱਚ 2-2, ਬਜਲੀ, ਧੂਬਰੀ ਅਤੇ ਤਾਮੂਲਪੁਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਮਈ ਦੇ ਅੱਧ ਤੱਕ ਮਰਨ ਵਾਲਿਆਂ ਦੀ ਗਿਣਤੀ 108 ਤੱਕ ਪਹੁੰਚ ਗਈ ਹੈ।