ਆਸਾਮ(ਸਕਾਈ ਨਿਊਜ਼ ਪੰਜਾਬ), 23 ਜੂਨ 2022
ਅਸਾਮ ਵਿੱਚ ਹੜ੍ਹ ਕਾਰਨ ਹੰਗਾਮਾ ਮਚਿਆ ਹੋਇਆ ਹੈ। ਬੁੱਧਵਾਰ ਨੂੰ ਇੱਥੇ ਸਥਿਤੀ ਕਾਫੀ ਗੰਭੀਰ ਬਣੀ ਰਹੀ। ਇੱਥੇ ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ। ਇਸ ਦੌਰਾਨ ਅਧਿਕਾਰੀਆਂ ਮੁਤਾਬਕ ਸੂਬੇ ‘ਚ ਹੜ੍ਹਾਂ ਕਾਰਨ 12 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਅਸਾਮ ਦੇ 32 ਜ਼ਿਲ੍ਹਿਆਂ ਵਿੱਚ 55 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੀਆਂ ਦੋ ਵੱਡੀਆਂ ਨਦੀਆਂ ਬ੍ਰਹਮਪੁੱਤਰ ਅਤੇ ਬਰਾਕ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਕਈ ਨਵੇਂ ਇਲਾਕਿਆਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਇਸ ਕਾਰਨ ਹੋਜਈ ਵਿੱਚ 4, ਬਾਰਪੇਟਾ ਅਤੇ ਨਲਬਾੜੀ ਵਿੱਚ ਤਿੰਨ-ਤਿੰਨ ਅਤੇ ਕਾਮਪੁਰ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਹੁਣ ਤੱਕ 101 ਲੋਕਾਂ ਦੀ ਮੌਤ ਹੋ ਚੁੱਕੀ ਹੈਅਧਿਕਾਰੀਆਂ ਮੁਤਾਬਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ‘ਚ ਹੁਣ ਤੱਕ 101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਰਾਕ ਘਾਟੀ ਦੇ ਕਛਰ, ਕਰੀਮਗੰਜ ਅਤੇ ਹੈਲੀਕਾਂਡੀ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਅਸਾਮ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਨੁਸਾਰ, ਰਾਜ ਦੇ 32 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ। ਹੜ੍ਹ ਕਾਰਨ 55,42,053 ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਮੁੱਖ ਮੰਤਰੀ ਨੇ ਕੀਤਾ ਦੌਰਾ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐੱਨਡੀਆਰਐੱਫ ਟੀਮ ਨਾਲ ਕਿਸ਼ਤੀ ‘ਤੇ ਨਾਗਾਓਂ ਜ਼ਿਲ੍ਹੇ ਦੇ ਕਈ ਵੱਖ-ਵੱਖ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਪਹਿਲਾਂ ਉਨ੍ਹਾਂ ਨਲਬਾੜੀ ਅਤੇ ਕਾਮਰੂਪ ਜ਼ਿਲ੍ਹਿਆਂ ਵਿੱਚ ਰਾਹਤ ਕੈਂਪਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਜਲਦੀ ਹੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇਗਾ।
ਖਤਰੇ ਵਿੱਚ ਨਦੀ:-
ਕੇਂਦਰੀ ਜਲ ਕਮਿਸ਼ਨ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਕੋਪਿਲੀ ਨਦੀ, ਨਿਮਾਤੀਘਾਟ, ਬ੍ਰਹਮਪੁੱਤਰ ਨਦੀ, ਪੁਥੀਮਾਰੀ, ਪਾਗਲਦੀਆ, ਬੇਕੀ, ਬਰਾਕ, ਕੁਸ਼ੀਆਰਾ ਆਦਿ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਦੇ ਨਾਲ ਹੀ ਬਾਰਪੇਟਾ, ਕਚਾਰ, ਦਾਰੰਗ, ਗਵਾਲਪਾੜਾ, ਕਾਮਰੂਪ ਅਤੇ ਕਰੀਮਗੰਜ ਦੇ ਸ਼ਹਿਰੀ ਖੇਤਰਾਂ ਵਿੱਚ ਹੜ੍ਹਾਂ ਦੇ ਵਧਣ ਦਾ ਖ਼ਤਰਾ ਹੈ।