ਨਵੀਂ ਦਿੱਲੀ,12 ਜਨਵਰੀ (ਸਕਾਈ ਨਿਊਜ਼ ਬਿਊਰੋ)
ਖੇਤੀ ਕਾਨੂੰਨਾਂ ’ਤੇ ਰੋਕ ਲਾਉਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਬੁਲਾਈ। ਸਿੰਘੂ ਸਰਹੱਦ ’ਤੇ ‘ਸਯੰੁਕਤ ਕਿਸਾਨ ਮੋਰਚਾ’ ਦੀ ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਜੇ ਤੱਕ ਸਾਨੂੰ ਅਦਾਲਤ ਦਾ ਕੋਈ ਫ਼ੈਸਲਾ ਲਿਖਤੀ ਰੂਪ ਵਿਚ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕੱਲ੍ਹ ਰਾਤ ਅਸੀਂ ਕਾਫੀ ਮਹਤੱਵਪੂਰਨ ਪ੍ਰੈੱਸ ਨੋਟ ਜਾਰੀ ਕੀਤਾ ਸੀ। ਜਿਸ ’ਚ ਕਿਹਾ ਗਿਆ ਸੀ ਕਿ ਜੇਕਰ ਸੁਪਰੀਮ ਕੋਰਟ ਕੋਈ ਕਮੇਟੀ ਬਣਾਉਂਦਾ ਹੈ ਤਾਂ ਸਾਨੂੰ ਇਹ ਮਨਜ਼ੂਰ ਨਹੀਂ। ਅੱਜ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਜਿਸ ਨੂੰ ਅਸੀਂ ਨਹੀਂ ਮੰਨਦੇ। ਇਸ ਕਮੇਟੀ ’ਚ ਸਾਰੇ ਲੋਕ ਸਰਕਾਰ ਦੇ ਹੀ ਹਨ।
ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਅਸੀਂ ਕਮੇਟੀ ਦੇ ਹੱਕ ’ਚ ਨਹੀਂ ਹਾਂ, ਮੈਂਬਰ ਭਾਵੇਂ ਕੋਈ ਵੀ ਹੋਵੇ। ਇਹ ਅੰਦੋਲਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਸਾਡਾ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ, ਸਗੋਂ ਪੂਰੇ ਦੇਸ਼ ’ਚ ਲੈ ਕੇ ਜਾਵਾਂਗੇ। ਸੁਪਰੀਮ ਕੋਰਟ ਦੇ ਜ਼ਰੀਏ ਸਰਕਾਰ ਆਪਣੀ ਨੀਤੀ ਨੂੰ ਲਾਗੂ ਕਰਵਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਸਾਫ਼ ਕੀਤਾ ਹੈ ਕਿ 26 ਜਨਵਰੀ ਨੂੰ ਵੀ ਪ੍ਰਦਰਸ਼ਨ ਸ਼ਾਂਤੀਪੂਰਨ ਹੋਵੇਗਾ। ਕਿਸੇ ਤਰ੍ਹਾਂ ਦੀ ਕੋਈ ਹਿੰਸਾ, ਸੰਸਦ ਘੇਰਨ ਦੀਆਂ ਅਫ਼ਵਾਹਾਂ ਝੂਠੀਆਂ ਫੈਲਾਈਆਂ ਜਾ ਰਹੀਆਂ ਹਨ।