ਨਵੀਂ ਦਿੱਲੀ,16 ਫਰਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਵਿਚ ਦੋਸ਼ੀ ਨਿਕਿਤਾ ਜੈਕਬ ਨੂੰ ਬਾਂਬੇ ਹਾਈ ਕੋਰਟ ਵਲੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਰਾਹਤ ਮਿਲ ਗਈ ਹੈ। ਇਸ ਮਾਮਲੇ ਵਿਚ ਦਿੱਲੀ ਪੁਲਸ ਨੇ ਨਿਕਿਤਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਪੇਸ਼ੇ ਤੋਂ ਵਕੀਲ ਨਿਕਿਤਾ ਨੇ ਅਦਾਲਤ ਦਾ ਰੁਖ਼ ਕੀਤਾ ਅਤੇ ਇਸ ਮਾਮਲੇ ਵਿਚ ਰਾਹਤ ਦੀ ਅਪੀਲ ਕੀਤੀ ਸੀ। ਕੋਰਟ ਨੇ ਨਿਕਿਤਾ ਨੂੰ 3 ਹਫ਼ਤੇ ਦੀ ਟਰਾਂਜਿਟ ਜ਼ਮਾਨਤ ਦੇ ਦਿੱਤੀ ਹੈ।
ਨਿਕਿਤਾ ਜੈਕਬ ਦੇ ਵਕੀਲਾਂ ਵਲੋਂ ਅਦਾਲਤ ’ਚ ਦਲੀਲ ਦਿੱਤੀ ਗਈ ਕਿ ਨਿਕਿਤਾ ਦਿੱਲੀ ਪੁਲਸ ਦੀ ਜਾਂਚ ’ਚ ਸਾਥ ਦੇਣ ਨੂੰ ਤਿਆਰ ਹੈ ਪਰ ਉਹ ਸਿਰਫ਼ ਗੈਰ-ਜ਼ਮਾਨਤੀ ਵਾਰੰਟ ਖ਼ਿਲਾਫ਼ ਅਪੀਲ ਕਰ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਐੱਫ. ਆਈ. ਆਰ. ਦਿੱਲੀ ’ਚ ਹੀ ਦਰਜ ਹੋਈ ਹੈ। ਦਿੱਲੀ ਪੁਲਸ ਨੇ ਨਿਕਿਤਾ ਦੇ ਮੋਬਾਇਲ-ਲੈਪਟਾਪ ਨੂੰ ਵੀ ਜ਼ਬਤ ਕੀਤਾ ਹੈ। ਦਿੱਲੀ ਪੁਲਸ ਦਾ ਦਾਅਵਾ ਹੈ ਕਿ ਇਸ ਸਾਜਿਸ਼ ਵਿਚ ਨਿਕਿਤਾ ਦੀ ਭੂਮਿਕਾ ਸਭ ਤੋਂ ਵੱਡੀ ਅਤੇ ਸ਼ੱਕੀ ਹੈ।
ਕੀ ਹੈ ਟੂਲਕਿੱਟ ਬਣਾਉਣ ’ਚ ਨਿਕਿਤਾ ਦਾ ਰੋਲ-
ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਬੀਤੇ ਦਿਨੀਂ ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ਦਾ ਖ਼ੁਲਾਸਾ ਕੀਤਾ ਸੀ। ਇਸ ਮਾਮਲੇ ਵਿਚ ਬੈਂਗਲੁਰੂ ਤੋਂ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਪੁਲਸ ਗਿ੍ਰਫ਼ਤਾਰ ਕਰ ਚੁੱਕੀ ਹੈ। ਜਿਸ ਤੋਂ ਬਾਅਦ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਦੀ ਭਾਲ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਨਿਕਿਤਾ ਅਤੇ ਸ਼ਾਂਤਨੂੰ ਖਾਲਿਸਤਾਨੀ ਸਮਰਥਕਾਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਨੇ ਟੂਲਕਿੱਟ ਬਣਾਉਣ ’ਚ ਮਦਦ ਕੀਤੀ। ਇਹ ਉਹ ਹੀ ਟੂਲਕਿੱਟ ਸੀ, ਜਿਸ ਨੂੰ ਦਿਸ਼ਾ ਰਵੀ ਨੇ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੂੰ ਭੇਜਿਆ ਸੀ। ਇਸ ਮਾਮਲੇ ਵਿਚ ਗਿ੍ਰਫ਼ਤਾਰ ਕੀਤੀ ਗਈ ਦਿਸ਼ਾ ਰਵੀ 5 ਦਿਨ ਦੀ ਪੁਲਸ ਰਿਮਾਂਡ ’ਤੇ ਹੈ।