ਦਿੱਲੀ (ਸਕਾਈ ਨਿਊਜ਼ ਪੰਜਾਬ), 20 ਅਪ੍ਰੈਲ 2022
ਦਿੱਲੀ ਦੇ ਜਹਾਂਗੀਰਪੁਰੀ ‘ਚ ਹਿੰਸਾ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਜ ਸਵੇਰ ਤੋਂ ਬੁਲਡੋਜ਼ਰਾਂ ਨਾਲ ਢਾਹੇ ਜਾ ਰਹੇ ਗੈਰ-ਕਾਨੂੰਨੀ ਮਕਾਨਾਂ ‘ਤੇ NDMC ਦੀ ਕਾਰਵਾਈ ‘ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ। ਸੁਪਰੀਮ ਕੋਰਟ ਨੇ ਜਮੀਅਤ ਦੀ ਪਟੀਸ਼ਨ ‘ਤੇ ਇਹ ਹੁਕਮ ਦਿੱਤਾ ਹੈ।
ਅਦਾਲਤ ਵਿੱਚ ਭਲਕੇ ਵੀ ਸੁਣਵਾਈ ਜਾਰੀ ਰਹੇਗੀ। ਦੱਸ ਦਈਏ ਕਿ ਉੱਤਰੀ ਐਮਸੀਡੀ ਨੇ ਅੱਜ ਸਵੇਰੇ 10 ਵਜੇ ਤੋਂ ਕਬਜੇ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਬੁਲਡੋਜ਼ਰਾਂ ਨਾਲ ਨਜਾਇਜ਼ ਮਕਾਨਾਂ ਨੂੰ ਢਾਹਿਆ ਜਾ ਰਿਹਾ ਸੀ, ਜਿਸ ‘ਤੇ ਅਦਾਲਤ ਨੇ ਪਾਬੰਦੀ ਲਗਾ ਦਿੱਤੀ ਹੈ।
ਸੁਪਰੀਮ ਕੋਰਟ ਦੇ ਇਸ ਹੁਕਮ ‘ਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਅਤੇ ਉਸ ਮੁਤਾਬਕ ਕਾਰਵਾਈ ਕਰਾਂਗੇ। ਸੁਪਰੀਮ ਕੋਰਟ ਨੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ, ਦਿੱਲੀ ਵਿੱਚ ਸਿਵਲ ਬਾਡੀ ਦੁਆਰਾ ਢਾਹੁਣ ਦੀ ਮੁਹਿੰਮ ‘ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਹਨ।
ਸੁਪਰੀਮ ਕੋਰਟ ਦੇ ਹੁਕਮਾਂ ਬਾਰੇ MCD ਕਮਿਸ਼ਨਰ ਨੇ ਕਿਹਾ ਕਿ ਅਜੇ ਤੱਕ ਸਾਨੂੰ ਸੁਪਰੀਮ ਕੋਰਟ ਦਾ ਹੁਕਮ ਨਹੀਂ ਮਿਲਿਆ ਹੈ। ਆਰਡਰ ਮਿਲਣ ਤੱਕ ਅਸੀਂ ਕਾਰਵਾਈ ਜਾਰੀ ਰੱਖਾਂਗੇ।
ਆਪਣੇ ਘਰ ‘ਤੇ ਕੀਤੀ ਗਈ ਕਾਰਵਾਈ ਸਬੰਧੀ ਜਹਾਂਗੀਰਪੁਰੀ ਦੀ ਰਹਿਣ ਵਾਲੀ ਇੱਕ ਸਥਾਨਕ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਮੇਰੀ ਦੁਕਾਨ ਪਿਛਲੇ 15 ਸਾਲਾਂ ਤੋਂ ਇੱਥੇ ਹੈ। ਪਹਿਲਾਂ ਕਿਸੇ ਨੇ ਅਜਿਹੀ ਗੈਰ-ਕਾਨੂੰਨੀਤਾ ਦਾ ਮੁੱਦਾ ਨਹੀਂ ਉਠਾਇਆ, ਹੁਣ ਦੋ ਭਾਈਚਾਰਿਆਂ ਦਰਮਿਆਨ ਹਿੰਸਾ ਦੀ ਘਟਨਾ ਤੋਂ ਬਾਅਦ ਅਜਿਹਾ ਹੋ ਰਿਹਾ ਹੈ।
ਦੱਸ ਦੇਈਏ ਕਿ ਜਹਾਂਗੀਰਪੁਰੀ ਵਿੱਚ MCD ਦੀ ਇਸ ਕਾਰਵਾਈ ਦਾ ਮਾਮਲਾ ਦਿੱਲੀ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ। ਉਲੇਮਾ-ਏ-ਹਿੰਦ ਨੇ ਜਹਾਂਗੀਰਪੁਰੀ ਵਿੱਚ ਬੁਲਡੋਜ਼ਰ ਦੀ ਕਾਰਵਾਈ ਦਾ ਮੁੱਦਾ ਸੁਪਰੀਮ ਕੋਰਟ ਵਿੱਚ ਉਠਾਇਆ ਸੀ ਅਤੇ ਜਲਦੀ ਸੁਣਵਾਈ ਦੀ ਮੰਗ ਕੀਤੀ ਸੀ।
ਮੇਅਰ ਰਾਜਾ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਅੱਜ ਸਵੇਰੇ ਹੋਣ ਵਾਲੀ ਕਾਰਵਾਈ ਵਿੱਚ 9 ਬੁਲਡੋਜ਼ਰ ਲੱਗੇ ਹੋਣਗੇ। ਇਹ ਲੋਕ ਜੋ ਰਹਿ ਰਹੇ ਹਨ, ਇਹ ਸਰਕਾਰੀ ਜ਼ਮੀਨ ਹੈ ਅਤੇ ਅਸੀਂ ਇਸ ਜਗ੍ਹਾ ਨੂੰ ਸਾਫ਼ ਕਰਨ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵੀ ਇੱਥੇ ਇਹ ਕਾਰਵਾਈ ਹੋ ਚੁੱਕੀ ਹੈ। ਅੱਜ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ।