ਨਵੀਂ ਦਿੱਲੀ,21 ਜਨਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨਾਂ ਦੇ ਅੰਦੋਲਨ ਨੂੰ ਅੱਜ 57 ਦਿਨ ਹੋ ਗਏ ਹਨ।ਕੜਾਕੇ ਦੀ ਠੰਡ ‘ਚ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।ਕਿਸਾਨਾਂ ਦੇ ਅੰਦੋਲਨ ਦਾ ਭਵਿੱਖ ਕੀ ਹੋਵੇਗਾ,ਕੀ ਕਿਸਾਨ ਅੰਦੋਲਨ ਖ਼ਤਮ ਕਰ ਦੇਣਗੇ ਜਾਂ ਫਿਰ ਇਹ ਸੰਘਰਸ਼ ਹੋਰ ਤੇਜ਼ ਹੋਣਗੇ? ਇਸ ਸਵਾਲ ਦਾ ਜਵਾਬ ਅੱਜ ਮਿਲ ਹੀ ਜਾਵੇਗਾ।10ਵੇਂ ਦੌਰ ਦੀ ਬੈਠਕ ਵਿੱਚ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਇੱਕ ਤੋਂ ਡੇਢ ਸਾਲ ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਸਰਕਾਰ ਦੇ ਇਸ ਨਵੇਂ ਪ੍ਰਸਤਾਵ ਦੇ ਸਬੰਧ ਨੂੰ ਲੈ ਕੇ ਸਿੰਘੂ ਬਾਰਡਰ ‘ਤੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਬੈਠਕ ਸਵੇਰੇ 11 ਵਜੇ ਹੋਵੇਗੀ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੁਪਹਿਰ 2 ਵਜੇ ਬੈਠਕ ਕਰੇਗਾ ਅਤੇ ਫੈਸਲਾ ਕਰੇਗਾ ਕਿ ਸਰਕਾਰ ਦੇ ਪ੍ਰਸਤਾਵ ਨੂੰ ਅਪਣਾਉਣਾ ਹੈ ਜਾਂ ਇਸ ਨੂੰ ਰੱਦ ਕਰਨਾ ਹੈ । ਕੱਲ੍ਹ ਯਾਨੀ ਕਿ 22 ਜਨਵਰੀ ਨੂੰ ਦੁਪਹਿਰ 12 ਵਜੇ ਸੰਯੁਕਤ ਕਿਸਾਨ ਮੋਰਚਾ 11ਵੇਂ ਗੇੜ ਦੀ ਮੀਟਿੰਗ ਲਈ ਸਰਕਾਰ ਨਾਲ ਫਿਰ ਤੋਂ ਬੈਠਕ ਕਰੇਗਾ ।
ਕਿਸਾਨੀ ਅੰਦੋਲਨ ਨੇ ਸਰਕਾਰ ਦੀ ਰਾਜਨੀਤਿਕ ਮੁਸੀਬਤ ਨੂੰ ਵਧਾ ਦਿੱਤਾ ਹੈ ਕਿਉਂਕਿ ਹੱਲ ਨਹੀਂ ਨਿਕਲ ਰਿਹਾ ਹੈ ਅਤੇ ਵਿਰੋਧੀ ਧਿਰ ਹਮਲਾਵਰ ਹੁੰਦੀ ਜਾ ਰਹੀ ਹੈ। ਕੋਈ ਵਿਚਕਾਰਲਾ ਰਸਤਾ ਕੱਢਿਆ ਜਾ ਸਕੇ, ਇਸਦੇ ਲਈ ਸਰਕਾਰ ਨੇ ਕਿਸਾਨਾਂ ਸਾਹਮਣੇ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵ ਦੇ ਅਨੁਸਾਰ ਸਰਕਾਰ ਖੇਤੀ ਕਾਨੂੰਨਾਂ ਨੂੰ ਇੱਕ ਤੋਂ ਡੇਢ ਸਾਲ ਲਈ ਮੁਲਤਵੀ ਕਰਨ ਲਈ ਤਿਆਰ ਹੈ। ਕਿਸਾਨਾਂ ਦਾ ਭਰੋਸਾ ਬਣਿਆ ਰਹੇ ਇਸ ਲਈ ਉਹ ਸੁਪਰੀਮ ਕੋਰਟ ਵਿੱਚ ਇਸ ਮਾਮਲੇ ‘ਤੇ ਸਹੁੰ ਪੱਤਰ ਦੇਣ ਨੂੰ ਵੀ ਤਿਆਰ ਹੈ। ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸਾਨਾਂ ਅਤੇ ਸਰਕਾਰੀ ਨੁਮਾਇੰਦਿਆਂ ਦੀ ਕਮੇਟੀ ਬਣਾ ਕੇ ਹੱਲ ਕੀਤਾ ਜਾਵੇ।
ਤੀਜੀ ਤੇ ਚੌਥੀ ਕਲਾਸ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਲਈ 1 ਫਰਵਰੀ ਤੋਂ ਖੋਲੇ ਜਾਣਗੇ ਸਕੂਲ
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੋਈ 10ਵੇਂ ਗੇੜ ਦੀ ਬੈਠਕ ਬੇਨਤੀਜਾ ਖਤਮ ਹੋ ਗਈ। ਇਸ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ ਵਿੱਚ ਕਿਹਾ ਕਿ ਸਾਨੂੰ ਇਸ ਮੁੱਦੇ ‘ਤੇ ਮਿਲ ਕੇ ਕੋਈ ਵਿੱਚ ਦਾ ਰਸਤਾ ਕੱਢਣਾ ਪਵੇਗਾ । ਉਨ੍ਹਾਂ ਕਿਹਾ ਕਿ ਇਸ ਅੰਦੋਲਨ ਕਾਰਨ ਕਿਸਾਨ ਕਿੰਨੀ ਦੇਰ ਸੜਕਾਂ ‘ਤੇ ਬੈਠੇ ਰਹਿਣਗੇ। ਇਸਦੇ ਲਈ, ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਹੱਲ ਲੱਭਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਿੰਨਾਂ ਕਾਨੂੰਨਾਂ ‘ਤੇ ਤੁਹਾਡੇ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰੇ ਲਈ ਤਿਆਰ ਹਾਂ, ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸੇ ਕੀਮਤ ‘ਤੇ ਵਾਪਸ ਨਹੀਂ ਲਵੇਗੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਦੀ ਕਮੇਟੀ ਬਣਾ ਦਿੰਦੇ ਹਾਂ, ਜਦੋਂ ਤੱਕ ਵਿਚਕਾਰਲਾ ਰਸਤਾ ਨਹੀਂ ਮਿਲ ਜਾਂਦਾ, ਅਸੀਂ ਕਾਨੂੰਨ ਲਾਗੂ ਨਹੀਂ ਕਰਾਂਗੇ ।
ਦੱਸ ਦੇਈਏ ਕਿ ਸੁਪਰੀਮ ਕੋਰਟ ਦੀ ਖੇਤੀ ਕਾਨੂੰਨਾਂ ‘ਤੇ ਗਠਿਤ ਕਮੇਟੀ ਅੱਜ ਤੋਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇਗੀ । ਨੈਸ਼ਨਲ ਐਗਰੀਕਲਚਰਲ ਸਾਇੰਸ ਕੰਪਲੈਕਸ ਵਿੱਚ ਸਵੇਰੇ 11 ਵਜੇ ਇੱਕ ਮੀਟਿੰਗ ਕੀਤੀ ਜਾਵੇਗੀ । ਹੁਣ ਇਸ ਕਮੇਟੀ ਦੇ ਜ਼ਿਆਦਾ ਮਾਇਨੇ ਨਹੀਂ ਬਚ ਜਾਂਦੇ ਕਿਉਂਕਿ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਰਫ ਸਰਕਾਰ ਨਾਲ ਗੱਲਬਾਤ ਕਰਨਗੇ । ਸਰਕਾਰ ਅਤੇ ਕਿਸਾਨਾਂ ਵਿਚਾਲੇ 11ਵੇਂ ਗੇੜ ਦੀ ਮੀਟਿੰਗ ਭਲਕੇ ਦੁਪਹਿਰ 12 ਵਜੇ ਵਿਿਗਆਨ ਭਵਨ ਵਿਖੇ ਹੋਣੀ ਹੈ।