ਗੁਰਦਾਸਪੁਰ,16 ਫਰਵਰੀ(ਸਕਾਈ ਨਿਊਜ਼ ਬਿਊਰੋ)
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ’ਚ ਸਕੂਲ ਪੇਪਰ ਦੇਣ ਲਈ ਪਹੁੰਚੇ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ। ਵਿਦਿਆਰਥੀ ਦਾ ਇਹ ਕਤਲ ਸਕੂਲ ਦੇ ਬਾਹਰ ਹੀ 2 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਸਿਰ ’ਤੇ ਵਾਰ ਕਰਕੇ ਕੀਤਾ ਗਿਆ ਹੈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਸਿਮਰਨ ਸਿੰਘ ਵਜੋਂ ਹੋਈ ਹੈ, ਜਿਸ ਨਾਲ ਇਕ ਹੋਰ ਵਿਦਿਆਰਥੀ ਸੀ, ਜਿਸ ਨੇ ਆਪਣੀ ਜਾਨ ਉਥੋ ਭੱਜ ਕੇ ਬਚਾਈ।
ਮਿਲੀ ਜਾਣਕਾਰੀ ਮੁਤਾਬਕ ਸਿਮਰਨ ਸਿੰਘ ਅਤੇ ਹਰਮਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸ਼ੈਰੋਵਾਲ ਦੇ ਸਰਕਾਰੀ ਸਕੂਲ ’ਚ ਪੜ੍ਹਦੇ ਹਨ। ਬੀਤੇ ਦਿਨ ਸਿਮਰਨ ਦਾ 12ਵੀਂ ਕਲਾਸ ਦਾ ਪੇਪਰ ਸੀ, ਜਦਕਿ ਹਰਮਨਦੀਪ ਸਿੰਘ 9ਵੀਂ ਕਲਾਸ ’ਚ ਪੜ੍ਹਦਾ ਸੀ। ਇਥੇ ਇਹ ਵੀ ਦੱਸ ਦਈਏ ਕਿ ਉਕਤ ਦੋਵੇਂ ਵਿਦਿਆਰਥੀ ਜਦੋਂ ਸਕੂਲ ਦੇ ਬਾਹਰ ਗੇਟ ਕੋਲ ਪਹੁੰਚੇ ਤਾਂ 2 ਨੌਜਵਾਨਾਂ ਵੱਲੋਂ ਉਕਤ ਵਿਦਿਆਰਥੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਸਿਮਰਨ ਦੇ ਸਿਰ ’ਤੇ ਕਰੀਬ 3 ਵਾਰ ਕੀਤੇ ਗਏ ਜਿਸ ਨਾਲ ਸਿਮਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਅਧਿਆਪਕਾਂ ਨੇ ਸਰਕਾਰੀ ਹਸਪਤਾਲ ’ਚ ਲਿਆਦਾ, ਜਿਥੋਂ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਅੰਮ੍ਰਿਤਸਰ ਪੁੱਜਣ ਤੋਂ ਪਹਿਲਾਂ ਸਿਮਰਨ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ, ਜਦਕਿ ਹਰਮਨਦੀਪ ਸਿੰਘ ਨੇ ਉਸ ਥਾਂ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਦੀਪ ਸਿੱਧੂ ਦੇ ਰਿਮਾਂਡ ‘ਚ ਹੋਇਆ 7 ਦਿਨਾਂ ਦਾ ਵਾਧਾ
ਇਸ ਸਬੰਧੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਦਾ ਉਸਦੇ ਗੁਆਂਢ ’ਚ ਰਹਿੰਦੇ ਵਿਅਕਤੀ ਨਾਲ ਪਲਾਟ ਦਾ ਝਗੜਾ ਸੀ। ਇਸੇ ਰੰਜ਼ਿਸ਼ ਤਹਿਤ ਗੁਆਂਢੀ ਦੇ ਮੁੰਡੇ ਨੇ ਆਪਣੇ ਸਾਥੀ ਨਾਲ ਮਿਲ ਕੇ ਸਿਮਰਨ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦਿਆਂ ਕਤਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।