ਪਟਿਆਲਾ,15 ਦਸੰਬਰ (ਸਕਾਈ ਨਿਊਜ਼ ਬਿਊਰੋ)
ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਵਾਪਸ ਆ ਰਹੇ ਕਿਸਾਨਾਂ ਦੀ ਟਰਾਲੀ ਕਰਨਾਲ ਦੇ ਤਰਾਵੜੀ ਫਲਾਈਓਵਰ ‘ਤੇ ਹਾਦਸਾਗ੍ਰਸਤ ਹੋ ਗਈ। ਹਾਦਸੇ ‘ਚ ਗੁਰਪ੍ਰੀਤ ਸਿੰਘ ਤੇ ਲਾਭ ਸਿੰਘ ਨਾਂ ਦੇ ਦੋ ਕਿਸਾਨਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਗੁਰਪ੍ਰੀਤ ਸਿੰਘ ਦੀ ਉਮਰ ਪੱਚੀ ਸਾਲ ਦੇ ਕਰੀਬ ਹੈ ਜਦੋਂਕਿ ਲਾਲ ਸਿੰਘ ਦੀ ਉਮਰ ਕਰੀਬ ਸੱਠ ਸਾਲ ਹੈ। ਇਹ ਦੋਵੇਂ ਕਿਸਾਨ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਿੰਡ ਸਫੇੜਾ ਦੇ ਨਿਵਾਸੀ ਦੱਸੇ ਜਾ ਰਹੇ ਹਨ।
ਇਸ ਹਾਦਸੇ ਵਿਚ ਦਸ ਹੋਰ ਕਿਸਾਨ ਵੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਗੁਰਪ੍ਰੀਤ ਸਿੰਘ ਤੇ ਲਾਭ ਸਿੰਘ ਦੀਆਂ ਲਾਸ਼ਾਂ ਸ਼ਨਾਖ਼ਤ ਲਈ ਕਰਨਾਲ ਦੇ ਇਕ ਨਿੱਜੀ ਹਸਪਤਾਲ ਵਿਖੇ ਰਖਵਾ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਇਸ ਸੜਕ ਹਾਦਸੇ ਦਾ ਕਾਰਨ ਧੁੰਦ ਨੂੰ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਸਵੇਰੇ ਮੰਗਲਵਾਰ ਤਿੰਨ ਵਜੇ ਦੇ ਕਰੀਬ ਹੋਇਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੱਛੇ ਤੋਂ ਆ ਰਹੇ ਇਕ ਟਰਾਲੇ ਨੇ ਟੱਕਰ ਮਾਰ ਦਿੱਤੀ।