ਖੰਨਾ (ਜਸਪ੍ਰੀਤ ਸਿੰਘ ), 27 ਫਰਵਰੀ 2022
ਖੰਨਾ ਪੁਲਸ ਨੇ ਝਾਰਖੰਡ ਤੋਂ ਅਫੀਮ ਪੰਜਾਬ ਅੰਦਰ ਸਪਲਾਈ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਚਾਰ ਕਿਲੋ ਅਫੀਮ ਸਮੇਤ ਕਾਬੂ ਕੀਤਾ। ਪ੍ਰੇਮੀ ਪ੍ਰੇਮਿਕਾ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਸਾਥੀ ਵੀ ਫੜਿਆ ਗਿਆ।
ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਦਰ ਥਾਣਾ ਮੁਖੀ ਜਗਜੀਤ ਸਿੰਘ ਦੀ ਅਗਵਾਈ ਹੇਠ ਜੀਟੀ ਰੋਡ ਉਪਰ ਮੰਡਿਆਲਾ ਕਲਾਂ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਵਿਫਟ ਡੀਜਾਇਰ ਕਾਰ ਸਵਾਰ ਤਿੰਨ ਲੋਕਾਂ ਨੂੰ ਰੋਕਿਆ ਗਿਆ।
ਕਾਰ ਨੂੰ ਸ਼ਿਵ ਕੁਮਾਰ ਗੁਪਤਾ ਵਾਸੀ ਬਿਹਾਰ ਚਲਾ ਰਿਹਾ ਸੀ। ਸੋਨੂੰ ਸ਼ਾਹ ਵਾਸੀ ਝਾਰਖੰਡ ਇੱਕ ਲੜਕੀ ਰਿੰਕੀ ਕੁਮਾਰੀ ਤਿਰਕੀ ਵਾਸੀ ਝਾਰਖੰਡ ਨਾਲ ਬੈਠਾ ਸੀ। ਰਿੰਕੀ ਕੁਮਾਰੀ ਆਪਣੇ ਪ੍ਰੇਮੀ ਨਾਲ ਰਲ ਕੇ ਅਫੀਮ ਤਸਕਰੀ ਕਰਦੀ ਸੀ।
ਤਲਾਸ਼ੀ ਲੈਣ ਤੇ ਕਾਰ ਦੀ ਪਿਛਲੀ ਸੀਟ ਉਪਰ ਰੱਖੇ ਮੋਮੀ ਕਾਗਜ਼ ਲਿਫਾਫੇ ਚੋਂ ਚਾਰ ਕਿੱਲੋ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਸਾਮਣੇ ਆਇਆ ਕਿ ਤਸਕਰ ਕਰੀਬ 2 ਸਾਲਾਂ ਤੋਂ ਅਫੀਮ ਸਪਲਾਈ ਕਰਦੇ ਸੀ। ਉਹ ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ ਵੇਚਦੇ ਸੀ।
ਇਹ ਖੇਪ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਸਪਲਾਈ ਕੀਤੀ ਜਾਣੀ ਸੀ। ਤਸਕਰਾਂ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ l