ਰਾਏਪੁਰ (ਜੀ.ਐਸ ਚੰਦਰ), 27 ਮਾਰਚ 2022
ਰਾਏਕੋਟ ਦੇ ਪਿੰਡ ਸ਼ਾਹਜਹਾਨਪੁਰ ਵਿਖੇ ਸਥਿਤ ਛੋਟੇ-ਵੱਡੇ ਸਰਕਾਰ ਡੇਰਾ ਗਿਆਰਵੀਂ ਵਾਲਾ ਵਿੱਚ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸ਼ਰਧਾਲੂਆਂ ਵੱਲੋਂ ਮੁੱਖ ਸੇਵਾਦਾਰ ਬਾਬਾ ਇਰਫਾਨ ਸਾਬਰੀ ਕਮਲੀ ਸ਼ਾਹ ਦੀ ਦੇਖਰੇਖ ਹੇਠ 30ਵਾਂ ਉਰਸ ਮੁਬਾਰਕ, ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।
ਇਸ ਤਿੰਨ ਰੋਜ਼ਾ ਮੇਲੇ ਦੇ ਪਹਿਲੇ ਦਿਨ ਕੁਰਾਨ ਪਾਕ ਦੀ ਤਲਾਵਤ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ, ਉਥੇ ਹੀ ਮਹਿਫਲ-ਏ-ਕੱਵਾਲੀ ਪ੍ਰੋਗਰਾਮ ਦੌਰਾਨ ਪ੍ਰਸਿੱਧ ਕੱਵਾਲਾਂ ਨੇ ਸੂਫ਼ੀਆਨਾ ਕਲਾਮ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾl
ਜਦਕਿ ਅਖੀਰਲੇ ਦਿਨ ਕੁਰਾਨ ਸ਼ਰੀਫ ਦੀ ਦੁਆ ਕੀਤੀ ਗਈ ਅਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਇਰਫਾਨ ਸਾਬਰੀ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਅਦਾ ਕੀਤੀ ਗਈ, ਇਸ ਉਪਰੰਤ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
ਦੇਰ ਸ਼ਾਮ ਤੱਕ ਚੱਲੇ ਇਸ ਸੱਭਿਆਚਾਰਕ ਮੇਲੇ ਵਿੱਚ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਇਰਫਾਨ ਸਾਬਰੀ ਕਮਲੀ ਸ਼ਾਹ, ਇਮਰਾਨ ਸਾਬਰੀ, ਇਕਬਾਲ ਮੁਹੰਮਦ ਆਦਿ ਨੇ ਆਏ ਗਾਇਕ ਕਲਾਕਾਰਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।