ਮਾਨਸਾ ( ਭੀਸ਼ਮ ਗੋਇਲ), 16 ਮਈ 2022
ਤੇਜ਼ ਗਰਮੀ, ਵਧਦੇ ਤਾਪਮਾਨ, ਖੁਸ਼ਕ ਹਵਾਵਾਂ ਅਤੇ ਪਾਵਰਕਾਮ ਵੱਲੋਂ ਖੇਤੀ ਮੋਟਰਾਂ ਨੂੰ ਦਿੱਤੀ ਜਾ ਰਹੀ ਨਾ-ਮਾਤਰ ਬਿਜਲੀ ਸਪਲਾਈ ਕਾਰਣ ਨਰਮਾ, ਮੱਕੀ, ਸ਼ਬਜੀਆਂ ਅਤੇ ਹਰੇ ਚਾਰੇ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ। ਖੇਤੀ ਨੂੰ ਬਚਾਉਣ ਲਈ ਤੇ ਪਾਵਰਕਾਮ ਤੋਂ 8 ਘੰਟੇ ਬਿਜਲੀ ਸਪਲਾਈ ਲੈਣੀ ਯਕੀਨੀ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋ ਐਕਸੀਅਨ ਦਫਤਰ ਦੇ ਬਾਹਰ ਧਰਨਾ ਲਗਾਕੇ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਜੀਤ ਸਿੰਘ, ਮਹਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਕਿਸਾਨਾਂ ਨੂੰ 12 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ, ਪਰ ਹੁਣ ਪਹਿਲਾਂ ਤੋਂ ਮਿਲਣ ਵਾਲੀ 8 ਘੰਟੇ ਬਿਜਲੀ ਸਪਲਾਈ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਨਰਮੇ ਦੀ ਬਿਜਾਈ ਦਿਨੋਂ ਦਿਨ ਲੇਟ ਹੋ ਰਹੀ ਹੈ ਅਤੇ ਨਾਲ ਹੀ ਮੂੰਗੀ, ਮੱਕੀ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਪਾਣੀ ਦੀ ਕਮੀ ਅਤੇ ਅੱਤ ਦੀ ਪੈ ਰਹੀ ਗਰਮੀ ਕਾਰਨ ਸੁੱਕ ਰਹੀ ਹੈ l
ਕਿਉਂਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਕਿਸਾਨਾਂ ਦੀਆਂ ਫਸਲਾਂ ਸਮੇਂ ਸਿਰ ਹੋ ਸਕਣ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਕਣਕ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਵੇ।