ਮਾਨਸਾ(ਭੀਸ਼ਮ ਗੋਇਲ), 18 ਅਪ੍ਰੈਲ 2022
ਸਿਹਤ ਵਿਭਾਗ ਪੰਜਾਬ ਵੱਲੋਂ ਮਾਨਸਾ ਜਿਲੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 18 ਅਪ੍ਰੈਲ ਤੋਂ 22 ਅਪ੍ਰੈਲ ਤੱਕ ਲਗਾਏ ਜਾਣ ਵਾਲੇ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਕੜੀ ਤਹਿਤ ਪਹਿਲਾ ਸਿਹਤ ਮੇਲਾ ਕਮਿਊਨਟੀ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਲਗਾਇਆ ਗਿਆ। ਜਿਸ ਵਿੱਚ ਇੱਕ ਹਜਾਰ ਦੇ ਕਰੀਬ ਮਰੀਜਾਂ ਨੇ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਈ।
ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੇ ਨਾਲ ਐਲੋਪੈਥਿਕ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਡਾਕਟਰਾਂ ਵੱਲੋਂ ਮਰੀਜਾਂ ਦਾ ਮੈਡੀਕਲ ਚੈੱਕਅੱਪ ਕਰਕੇ ਲੈਬਾਰਟਰੀ ਚੈਕਅੱਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕੀਤਾ। ਜਿੰਨਾਂ ਕਿਹਾ ਕਿ ਲੋਕਾਂ ਵੱਲੋਂ ਸਿਹਤ ਕੈਂਪ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਲਾਕ ਪੱਧਰ ਤੇ ਸਿਹਤ ਕੈਂਪ ਲਗਾਉਣ ਦੀਆਂ ਹਦਾਇਤਾਂ ਮਿਲੀਆਂ ਸਨ, ਜਿਸ ਤਹਿਤ ਅੱਜ ਪਹਿਲਾ ਬਲਾਕ ਪੱਧਰੀ ਸਿਹਤ ਕੈਂਪ ਖਿਆਲਾ ਕਲਾਂ ਵਿਖੇ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਕੈਂਪ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 750 ਦੇ ਕਰੀਬ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਡਾਕਟਰਾਂ ਵੱਲੋਂ ਲੋਕਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ ਅਤੇ ਇਸੇ ਕੜੀ ਤਹਿਤ ਅਗਲੇ ਦੋ ਬਲਾਕ ਪੱਧਰੀ ਸਿਹਤ ਕੈਂਪ 20 ਅਤੇ 22 ਅਪ੍ਰੈਲ ਨੂੰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਮੰਤਰੀ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਲਗਾਏ ਗਏ ਬਲਾਕ ਪੱਧਰੀ ਸਿਹਤ ਕੈਂਪ ਵਿੱਚ ਆਏ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਨਾਲ ਉਹਨਾਂ ਨੂੰ ਮੁਫ਼ਤ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਗਏ ਹਨ।
ਮਾਨਸਾ ਦੇ ਲੋਕਾਂ ਨੇ ਸਿਹਤ ਮੇਲੇ ਲਗਾਕੇ ਲੋਕਾਂ ਨੂੰ ਮੁਫਤ ਇਲਾਜ ਤੇ ਦਵਾਈਆਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਰਕਾਰ ਦਾ ਇਕ ਵਧੀਆ ਉਪਰਾਲਾ ਹੈ, ਜਿੱਥੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇ ਨਾਲ ਮੁਫ਼ਤ ਦਵਾਈਆਂ ਮਿਲ ਰਹੀਆਂ ਹਨ ਅਤੇ ਅਜਿਹੇ ਸਿਹਤ ਮੇਲੇ ਭਵਿੱਖ ਵਿੱਚ ਹੋਰ ਲੱਗਣੇ ਚਾਹੀਦੇ ਹਨ।