ਜਲੰਧਰ (ਸਕਾਈ ਨਿਊਜ਼ ਪੰਜਾਬ), 14 ਅਪ੍ਰੈਲ 2022
ਡਾ.ਬੀ.ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਜਲੰਧਰ ‘ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਸੀਐੱਮ ਭਗਵੰਤ ਮਾਨ ਵੀ ਪਹੁੰਚੇ ।ਜਿਹਨਾਂ ਨੇ ਡਾ.ਬੀ.ਆਰ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਨਤਾ ਨੂੰ ਬਾਬਾ ਸਾਹਿਬ ਦੇ ਪਾਏ ਰਸਤੇ ‘ਤੇ ਚੱਲਣ ਲਈ ਕਿਹਾ। ਇਸ ਮੌਕੇ ਉਹਨਾਂ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ਵਿੱਚ ਬਹੁਤ ਵੱਡੀ ਸਪੋਰਟਸ ਇੰਡਸਟਰੀ ਬਣਾਈ ਜਾਵੇਗੀ ਅਤੇ ਡਾ. ਭੀਮ.ਰਾਓ ਅੰਬੇਡਕਰ ਜੀ ਦੇ ਨਾਮ ‘ਤੇ ਜਲੰਦਰ ਵਿੱਚ ਇੱਕ ਵੱਡੀ ਯੂਨੀਵਰਸਿਟੀ ਵੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉੁਹਨਾਂ ਨੇ ਜਲੰਧਰ ਨੂੰ ਸਪੋਰਟਸ ਹੱਬ ਬਣਾਉਣ ਦੀ ਗੱਲ ਵੀ ਕਹੀ।
ਬਾਬਾ ਸਾਹਿਬ ਜੀ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਕੋਲ ਪੈਸੇ ਨਹੀਂ ਸਨ। ਜਿਸ ਕਾਰਨ ਉਹਨਾਂ ਨੂੰ ਆਪਣੀ ਪੜ੍ਹਾਈ ਵਿਦੇਸ਼ ’ਚ ਛੱਡਣੀ ਪਈ ਸੀ। ਫਿਰ ਬਾਅਦ ’ਚ ਵਾਪਸ ਆ ਕੇ ਉਨ੍ਹਾਂ ਨੇ ਪੈਸੇ ਕਮਾਉਣ ਉਪਰੰਤ ਫਿਰ ਵਿਦੇਸ਼ ਜਾ ਕੇ ਪੜ੍ਹਾਈ ਕੀਤੀ। ਬਾਬਾ ਸਾਹਿਬ ਕੋਲ 6 ਡਾਕਟਰ ਦੀਆਂ ਡਿਗਰੀਆਂ ਸਨ।
ਬਾਬਾ ਸਾਹਿਬ ਪਛੜੇ ਹੋਏ ਲੋਕਾਂ ਅਤੇ ਗਰੀਬਾਂ ਦੇ ਮਸੀਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਸ਼ਹੂਰ ਹੋ ਜਾਂਦੇ ਹਨ, ਤਾਂ ਕਈ ਮਾਪੇ ਆਪਣੇ ਬੱਚਿਆਂ ਦੇ ਨਾਂ ਉਨ੍ਹਾਂ ਦੇ ਨਾਮ ’ਤੇ ਰੱਖਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਮੇਰੇ ਪਿੰਡ ’ਚ ਵੀ 4-5 ਬੱਚਿਆਂ ਦੇ ਨਾਂ ਭੀਮ ਹਨ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਸਮੇਂ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜਿਸ ਨੂੰ ਬਣਾਉਣ ਦੀ ਲੋੜ ਹੈ ।ਸਾਡੇ ਸੰਵਿਧਾਨ ਨੂੰ ਸਾਡਿਆਂ ਤੋਂ ਹੀ ਖ਼ਤਰਾ ਹੈ, ਜਿਸ ਨੂੰ ਬਚਾਉਣਾ ਹੈ। ਸੰਵਿਧਾਨ ਬਚੇਗਾ ਤਾਂ ਦੇਸ਼ ਬਚੇਗਾ। ਅਸੀਂ ਬਾਬਾ ਸਾਹਿਬ ਜੀ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ।
ਵਿਰੋਧੀਆਂ ’ਤੇ ਨਿਸ਼ਾਨੇ ਲਾਉਂਦੇ ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀਆਂ ਸਹੁੰ ਖਾ ਕੇ ਮੁਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਸੰਵਿਧਾਨਿਕ ਤਰੀਕੇ ਨਾਲ ਚੁਣੇ ਹੋਏ ਹਾਂ ਅਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕਦੇ ਹਾਂ ਕਿ ਅਸੀਂ ਸੰਵਿਧਾਨ ਸੁਤਾਬਕ ਹਰ ਇਕ ਨਾਲ ਇਨਸਾਫ਼ ਕਰਾਂਗੇ। ਉਨ੍ਹਾਂ ਕਿਹਾ ਕਿ ਹੇਠਾਂ ਦੀ ਕਚਹਿਰੀ ਤੋਂ ਤਾਂ ਲੋਕ ਬਰੀ ਹੋ ਜਾਂਦੇ ਹਨ l
ਪਰ ਪਰਮਾਤਮਾ ਦੀ ਕਚਹਿਰੀ ’ਚੋਂ ਕਿਵੇਂ ਬਰੀ ਹੋਣਗੇ। ਪਰਮਾਤਮਾ ਦੀ ਕਚਿਹਰੀ ਤੋਂ ਡਰੀਏ, ਸਮੇਂ ਤੋਂ ਡਰੀਏ ਕਿਉਂਕਿ ਉਥੇ ਅੰਬਲਾਂ ਦੇ ਹੁੰਦੇ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਸਮਾਂ ਬਹੁਤ ਵੱਡੀ ਚੀਜ਼ ਹੈ। ਇਹ ਸਮਾਂ ਰਾਜਿਆਂ ਨੂੰ ਭਿਖਾਰੀ ਅਤੇ ਭਿਖਾਰੀਆਂ ਨੂੰ ਵੀ ਰਾਜੇ ਬਣਾ ਦਿੰਦਾ ਹੈ।
ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੀਆਂ ਤਾਰੀਫ਼ਾਂ ਕਰਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਨੂੰ ਤਾਂ ਮੈਂ ਵੈਸੇ ਹੀ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਮੈਂ ਪਹਿਲੀ ਵਾਰ ਘਰਦਿਆਂ ਨੂੰ ਬਿਨਾਂ ਦਿੱਸੇ ਦੂਰਦਰਸ਼ਨ ’ਤੇ ਗਾਣਾ ਗਾਉਣ ਆ ਗਿਆ ਸੀ। ਬੇਸ਼ੱਕ ਮੇਰੇ ਕੋਲੋ ਉਸ ਵੇਲੇ ਗਾਣਾ ਨਾ ਗਵਾਇਆ ਗਿਆ l
ਪਰ ਬਾਅਦ ’ਚ ਮੈਂ ਦੂਰਦਰਸ਼ਨ ’ਚ ਬੇਹੱਦ ਵਧੀਆ ਪ੍ਰੋਗਰਾਮ ਕੀਤੇ। ਗੁਰੂ ਨਾਨਕ ਮਿਸ਼ਨ ਵਿਖੇ ਬਣਾਏ ਗਏ ਗੁਰਦੁਆਰੇ ’ਚ ਮੈਂ ਉਸ ਦਿਨ ਰਾਤ ਕੱਟੀ ਸੀ। ਜਲੰਧਰ ਇਕ ਇਤਿਹਾਸਕ ਸ਼ਹਿਰ ਹੈ, ਪੀ. ਏ. ਪੀ., ਸਪੋਰਟਸ ਇਥੇ ਹੈ। ਜਲੰਧਰ ਦੀ ਹਾਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਜਲੰਧਰ ਨੂੰ ਕੱਢ ਦਈਏ ਤਾਂ ਇੰਡੀਆ ’ਚ ਹਾਕੀ ਹੀ ਨਹੀਂ ਹੋਵੇਗੀ। ਜਲੰਧਰ ਦੀਆਂ ਗੇਂਦਾਂ ਨਾਲ ਹੀ ਵਰਲਡ ਕੱਪ ’ਚ ਛੱਕੇ ਲੱਗਦੇ ਹਨ।