ਚੰਡੀਗੜ੍ਹ,26 ਮਾਰਚ (ਸਕਾਈ ਨਿਊਜ਼ ਬਿਊਰੋ)
ਕਾਂਗਰਸ ਲਈ ਗਲੇ ਦੀ ਹੱਡੀ ਬਣਿਆ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਫਿਲਹਾਲ ਕਿਸੇ ਤਣ-ਪਤਣ ਲੱਗਦਾ ਨਜ਼ਰ ਨਹੀਂ ਆ ਰਿਹਾ ਹੈ। 7 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ’ਤੇ ਦੋਵਾਂ ਆਗੂਆਂ ਵਿਚਾਲ ਹੋਈ ਮੁਲਾਕਾਤ ਤੋਂ ਬਾਅਦ ਦੋਵੇਂ ਧਿਰਾਂ ਸ਼ਾਂਤ ਸਨ ਜਦਕਿ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੱਤੇ ਖੋਲ੍ਹਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼ ਕੀਤੀ ਹੈ ਜਿਸ ਮਗਰੋਂ ਸਿੱਧੂ ਦੇ ਉੱਪ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ’ਤੇ ਫਿਲਹਾਲ ਵਿਰਾਮ ਲੱਗ ਗਿਆ ਹੈ।
ਦਰਅਸਲ ਨਵਜੋਤ ਸਿੱਧੂ ਆਖਰੀ ਵਾਰ 17 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ’ਤੇ ਮਿਲੇ ਸਨ। ਉਸ ਤੋਂ ਪਹਿਲਾਂ ਵੀ ਉਹ ਇਕ ਵਾਰ ਮੁੱਖ ਮੰਤਰੀ ਨੂੰ ਲੰਚ ’ਤੇ ਮਿਲ ਚੁੱਕੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਇਕ ਇੰਟਰਵਿਊ ਦੌਰਾਨ ਸਪੱਸ਼ਟ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ’ਚ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਪਹਿਲੇ ਦਿਨ ਤੋਂ ਮਹਿਕਮਾ ਖਾਲ੍ਹੀ ਰੱਖਿਆ ਹੋਇਆ ਹੈ। ਅਖ਼ਬਾਰੀ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫ਼ੈਸਲਾ ਨਵਜੋਤ ਸਿੱਧੂ ਨੇ ਕਰਨਾ ਹੈ ਕਿ ਉਸ ਨੇ ਕਦੋਂ ਵਾਪਸ ਆਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇਸ ਬਾਰੇ ਹਾਈ ਕਮਾਨ ਨਾਲ ਗੱਲ ਕਰਨੀ ਹੈ ਤਾਂ ਉਹ ਕਰ ਸਕਦੇ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਘੱਟ ਹੈ ਅਤੇ ਨਵਜੋਤ ਸਿੱਧੂ ਨੂੰ ਜਲਦੀ ਹੀ ਮਨ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਦੀ ਇਸ ਪੇਸ਼ਕਸ਼ ਤੋਂ ਬਾਅਦ ਇਹ ਇਸ਼ਾਰਾ ਮਿਲਦਾ ਹੈ ਕਿ ਮੁੱਖ ਮੰਤਰੀ ਹੁਣ ਨਵਜੋਤ ਸਿੱਧੂ ਨੂੰ ਬਿਜਲੀ ਮਹਿਕਮਾ ਦੇਣ ਦੇ ਹੀ ਇੱਛੁਕ ਹਨ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਮੁੜ ਸੰਪਰਕ ਵਿਚ ਆ ਗਏ ਹਨ।
ਕਾਂਗਰਸ ਹਾਈ ਕਮਾਨ ਇਸ ਵੇਲੇ ਪੰਜ ਸੂਬਿਆਂ ਦੀਆਂ ਚੋਣਾਂ ਵਿਚ ਉਲਝੀ ਹੋਈ ਹੈ ਅਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਵੀ ਚੋਣ ਵਿਚਾਰ ’ਚ ਰੁੱਝੇ ਹੋਏ ਹਨ, ਜਿਸ ਕਰਕੇ ਫਿਲਹਾਲ ਸਿੱਧੂ ਨੂੰ ਉਨ੍ਹਾਂ ਨੂੰ ਮਿਲਣ ਵਿਚ ਥੋੜੀ ਖੇਚਲ ਚੱਲਣੀ ਪੈ ਸਕਦੀ ਹੈ। ਫਿਲਹਾਲ ਨਵਜੋਤ ਸਿੱਧੂ ਦੀ ਮੁੱਖ ਧਾਰਾ ’ਚ ਵਾਪਸੀ ਕਦੋਂ ਅਤੇ ਕਿਸ ਰੂਪ ਵਿਚ ਹੁੰਦੀ ਹੈ, ਇਹ ਦੇਖਣਾ ਹੋਵੇਗਾ।