ਫਿਰੋਜ਼ਪੁਰ( ਸੁਖਚੈਨ ਸਿੰਘ), 21 ਮਈ 2022
ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਇੱਕ ਗੁਰਸਿੱਖ ਪਰਿਵਾਰ ਨਾਲ ਸਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਅਤੇ ਮਮਦੋਟ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਨਾਲ ਕੁੱਝ ਸਮਾਂ ਪਹਿਲਾਂ ਉਨ੍ਹਾਂ ਦਾ ਘਰੇਲੂ ਜਮੀਨ ਨੂੰ ਲੈਕੇ ਝਗੜਾ ਹੋਇਆ ਸੀ ਜਿਸ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ।
ਇਸੇ ਰੰਜਿਸ਼ ਨੂੰ ਲੈਕੇ ਬੀਤੇ ਦਿਨੀਂ ਉਹ ਵਿਅਕਤੀ ਆਪਣੇ ਨਾਲ ਮੁੰਡੇ ਲਿਆਕੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਘਰ ਦਾ ਸਾਰਾ ਸਮਾਨ ਤੋੜ ਫੋੜ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਦਿਆਂ ਉਸਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਇਥੋਂ ਤੱਕ ਕਿ ਘਰ ਦੇ ਸਮਾਨ ਦੀ ਭੰਨਤੋੜ ਕਰਦਿਆਂ ਘਰ ਵਿੱਚ ਪਏ ਗੁਟਕਾ ਸਾਹਿਬ ਦੀ ਵੀ ਬੇਅਦਬੀ ਕਰ ਗਏ ਜਿਸ ਸਬੰਧੀ ਉਹ ਥਾਣਾ ਮਮਦੋਟ ਵਿੱਚ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ।
ਪਰ ਥਾਣਾ ਮਮਦੋਟ ਦੇ ਐਸ ਐਚ ਓ ਮੋਹਿਤ ਧਵਨ ਕਾਰਵਾਈ ਕਰਨ ਦੀ ਬਜਾਏ ਉਲਟਾ ਉਨ੍ਹਾਂ ਲੋਕਾਂ ਨਾਲ ਲਿਹਾਜ਼ਾ ਪੁਗਾ ਰਹੇ ਹਨ। ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਕਿ ਉਨ੍ਹਾਂ ਦੇ ਹਮਲਾ ਅਤੇ ਬੇਅਦਬੀ ਕਰਨ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਦੂਸਰੇ ਪਾਸੇ ਉਸ ਵਿਧਵਾ ਔਰਤ ਜਸਵੀਰ ਕੌਰ ਦੇ ਕਕਾਰਾਂ ਅਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈਕੇ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਹਾਲਮ ਨੇ ਪੁਲਿਸ ਪ੍ਰਸਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਬੇਅਦਬੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਕਰੇਂ ਨਹੀਂ ਤਾਂ ਉਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਉਧਰ ਜਦੋਂ ਇਸ ਪੂਰੇ ਮਾਮਲੇ ਨੂੰ ਲੈਕੇ ਡੀਐਸਪੀ ਯਾਦਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਤੇ ਜੋ ਵੀ ਸਾਹਮਣੇ ਆਵੇਗਾ ਉਸਦੇ ਤਹਿਤ ਹਮਲਾ ਅਤੇ ਬੇਅਦਬੀ ਕਰਨ ਵਾਲੇ ਲੋਕਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।