ਮਾਨਸਾ ( ਭੀਸ਼ਮ ਗੋਇਲ), 19 ਅਪ੍ਰੈਲ 2022
ਮਾਨਸਾ ਜਿਲ੍ਹੇ ਦੇ ਪਿੰਡ ਭਾਦੜਾ ਦੇ 42 ਸਾਲਾ ਕਿਸਾਨ ਮੱਖਣ ਸਿੰਘ ਨੇ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਕਾਰਣ ਖੇਤ ਵਿੱਚ ਬਣੇ ਕਮਰੇ ਵਿੱਚ ਹੀ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਕਿਸਾਨ ਕੋਲ ਮਹਿਜ ਸਵਾ ਦੋ ਏਕਡ਼ ਜ਼ਮੀਨ ਸੀ ਤੇ ਉਹ ਪੰਜ ਲੱਖ ਰੁਪਏ ਦਾ ਕਰਜ਼ਦਾਰ ਸੀ। ਉੱਧਰ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਉੱਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜਦੋਂ ਕਿ ਕਿਸਾਨ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
ਮਾਨਸਾ ਜਿਲ੍ਹੇ ਦੇ ਪਿੰਡ ਭਾਦੜਾ ਵਿੱਚ ਦੋ ਬੱਚਿਆਂ ਦੇ ਪਿਤਾ 42 ਸਾਲਾਂ ਕਿਸਾਨ ਮੱਖਣ ਸਿੰਘ ਪੁੱਤਰ ਝੰਡਾ ਸਿੰਘ ਨੇ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਤੋਂ ਪ੍ਰੇਸ਼ਾਨ ਹੋ ਖੇਤ ਵਿੱਚ ਬਣੇ ਕੋਠੇ ਵਿੱਚ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀ ਪਰਮਿੰਦਰ ਸਿੰਘ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮੱਖਣ ਸਿੰਘ ਕੋਲ ਮਹਿਜ਼ ਸਵਾ ਦੋ ਕਿੱਲੇ ਜ਼ਮੀਨ ਸੀ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੱਖਣ ਸਿੰਘ 2-3 ਦਿਨਾਂ ਤੋਂ ਪ੍ਰੇਸ਼ਾਨ ਸੀ। ਉਹਨਾਂ ਕਿਹਾ ਕਿ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੱਖਣ ਸਿੰਘ ਦੇ ਸਿਰ ਕਰਜ਼ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਜਦੂਰ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ।
ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਦ ਪਰਿਵਾਰ ਨੂੰ ਸੌਂਪ ਦਿੱਤਾ ਹੈ। ਜਾਂਚ ਅਧਿਕਾਰੀ ਤੇਜਾ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਪਿੰਡ ਭਾਦੜਾ ਨੇ ਆਰਥਿਕ ਤੰਗੀ ਕਾਰਨ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਹਰਦੀਪ ਕੌਰ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।