ਨਾਭਾ (ਸੁਖਚੈਨ ਸਿੰਘ), 29 ਅਕਤੂਬਰ 2022
ਭਾਵੇਂ ਕਿ ਆਰਥਿਕ ਮੰਦਹਾਲੀ ਕਾਰਨ ਕਿਸਾਨੀ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਤੁਰੀ ਹੋਈ ਹੈ। ਇਸ ਵਾਰ ਫਿਰ ਤੋਂ ਕਿਸਾਨਾਂ ਉੱਤੇ ਵੱਡੀ ਮਾਰ ਪੈਣ ਜਾ ਰਹੀ ਹੈ, ਗਰਾਊਂਡ ਰਿਪੋਰਟ ਮੁਤਾਬਕ ਝੋਨੇ ਦਾ ਝਾੜ ਪ੍ਰਤੀ ਏਕੜ 5 ਤੋਂ 10 ਕੁਇੰਟਲ ਤੱਕ ਘੱਟ ਹੈ। ਜਿਸ ਕਾਰਨ ਕਿਸਾਨਾਂ ਦਾ ਨਿਰਾਸ਼ ਹੋਣਾ ਲਾਜ਼ਮੀ ਹੈ।
ਨਾਭੇ ਹਲਕੇ ਵਿੱਚ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ, ਕਿਉਂਕਿ ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਗਈ ਸੀ ਪਰ ਬੇਮੌਸਮੀ ਬਰਸਾਤ ਅਤੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਕਾਰਨ ਉਨ੍ਹਾਂ ਦੀ ਫ਼ਸਲ ਦਾ ਨਕਾਰ ਘਟ ਗਿਆ ਹੈ।
ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਪਿਛਲੀਆਂ ਤਿੰਨ ਫਸਲਾਂ ਤੋਂ ਲਗਾਤਾਰ ਕਿਸਾਨ ਕੁਦਰਤੀ ਮਾਰ ਕਾਰਨ ਘਾਟਾ ਸਹਿਣ ਲਈ ਮਜਬੂਰ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੁਦਰਤੀ ਮਾਰ ਪੈਣ ਕਾਰਨ ਕਿਸਾਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਦਿੱਤਾ ਜਾਵੇ ਤਾਂ ਹੀ ਕਿਸਾਨੀ ਬਚ ਸਕਦੀ ਹੈ।
ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਚੀਨੀ ਵਾਇਰਸ ਅਤੇ ਦੂਜੇ ਪਾਸੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਕਾਰਨ ਕਿਸਾਨ ਬਿਲਕੁਲ ਬਰਬਾਦ ਹੋ ਚੁੱਕੇ ਹਨ। ਜਿਸ ਦੇ ਕਾਰਨ ਝੋਨੇ ਦਾ ਨਕਾਲ ਬਹੁਤ ਘਟ ਚੁੱਕਿਆ ਹੈ, ਕਿਉਂਕਿ ਜਦੋਂ ਤੱਕ ਸਰਕਾਰਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀ। ਉਦੋਂ ਤੱਕ ਕਿਸਾਨ ਕਾਮਯਾਬ ਨਹੀਂ ਹੋ ਸਕਦਾ ਅਤੇ ਦਿਨੋਂ-ਦਿਨ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਜਾ ਰਿਹਾ ਹੈ।