ਫਿਰੋਜ਼ਪੁਰ ( ਸੁਖਚੈਨ ਸਿੰਘ), 19 ਅਪ੍ਰੈਲ 2022
ਦੇਸ਼ ਅਜਾਦ ਹੋਏ ਨੂੰ ਕਈ ਵਰੇਂ ਬੀਤ ਚੁੱਕੇ ਹਨ। ਪਰ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗਜਨੀ ਵਾਲਾ ਨੂੰ ਹਾਲੇ ਤੱਕ ਇੱਕ ਪੁਲ ਨਸੀਬ ਨਹੀਂ ਹੋਇਆ ਬੇਸ਼ੱਕ ਸਾਡੇ ਸਿਆਸਤਦਾਨ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਵਿਕਾਸ ਕੀਤਾ ਗਿਆ ਹੈ। ਕੋਈ ਕਹਿ ਰਿਹਾ ਹੈ। ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੱਤਾ ਤੇ ਕੋਈ ਸੋਨੇ ਦੀ ਚਿੱੜੀ ਕਹਿ ਰਿਹਾ ਹੈ।
ਪਰ ਅੱਜ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਨ੍ਹਾਂ ਤਸਵੀਰਾਂ ਅੱਗੇ ਸਿਆਸਤਦਾਨਾਂ ਦੇ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਗੱਲ ਕਰਨ ਜਾ ਰਹੇ ਹਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗਜਨੀ ਵਾਲਾ ਦੀ ਜਿਥੋਂ ਲਗਦੇ ਸਤਲੁਜ ਦਰਿਆ ਤੇ ਪੁੱਲ ਨਾ ਹੋਣ ਕਾਰਨ ਦਰਿਆਓ ਪਾਰ ਲੋਕਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਪੈਦਲ ਯਾਂ ਫਿਰ ਆਪਣੇ ਸਾਧਨ ਤੇ ਪਾਣੀ ਵਿਚੋਂ ਲੰਗ ਕੇ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਰਿਆ ਪਾਰ ਕਰਨ ਸਮੇਂ ਕਈ ਹਾਦਸੇ ਵਾਪਰ ਚੁੱਕੇ ਹਨ।
ਇਸੇ ਤਰ੍ਹਾਂ ਬੀਤੇ ਦਿਨੀਂ ਦਰਿਆ ਪਾਰ ਕਰਨ ਸਮੇਂ ਇੱਕ ਗਰੀਬ ਕਿਸਾਨ ਦਾ ਕਣਕ ਨਾਲ ਭਰਿਆ ਟਰੈਕਟਰ ਟਰਾਲੀ ਦਰਿਆ ਵਿੱਚ ਡੁੱਬ ਗਿਆ ਸੀ ਅਤੇ ਸਾਰੀ ਦੀ ਸਾਰੀ ਫਸਲ ਵੀ ਪਾਣੀ ਵਿੱਚ ਰੁੜ ਗਈ l ਉਨ੍ਹਾਂ ਕਿਹਾ ਵਾਢੀ ਦਾ ਸੀਜਨ ਚੱਲ ਰਿਹਾ ਹੈ। ਪੁਲ ਨਾ ਹੋਣ ਕਾਰਨ ਔਰਤਾਂ ਨੂੰ ਵੀ ਰੇਹੜਿਆ ਤੇ ਬੈਠ ਦਰਿਆ ਪਾਰ ਕਰਨਾ ਪੈਂਦਾ ਹੈ।
ਤਸਵੀਰਾਂ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰਾਂ ਔਰਤਾਂ ਆਪਣੀ ਜਾਨ ਜੋਖਮ ਵਿੱਚ ਪਾ ਇੱਕ ਰੇਹੜੇ ਤੇ ਬੈਠ ਦਰਿਆ ਪਾਰ ਕਰ ਰਹੀਆਂ ਹਨ। ਅਤੇ ਰੇਹੜਾ ਪੂਰੀ ਤਰਾਂ ਪਾਣੀ ਵਿੱਚ ਡੁੱਬ ਚੁੱਕਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਿਧਾਇਕਾਂ ਨੂੰ ਕਈ ਵਾਰ ਇਸ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਨ।
ਪਰ ਹਾਲੇ ਤੱਕ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਪਿਛਲੀ ਸਰਕਾਰ ਦੇ ਵਿਧਾਇਕ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਉਹ ਮਿਲਕੇ ਪੁਲ ਬਣਾਉਣ ਲਈ ਗੁਹਾਰ ਲਗਾ ਚੁੱਕੇ ਹਨ।
ਪਰ ਉਨ੍ਹਾਂ ਵੀ ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਉਨ੍ਹਾਂ ਕਿਹਾ ਸ਼ਾਇਦ ਸਰਕਾਰਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਛੋਟੇ ਛੋਟੇ ਬੱਚੇ, ਔਰਤਾਂ ਅਤੇ ਬਜੁਰਗ ਇਸੇ ਤਰ੍ਹਾਂ ਹੀ ਦਰਿਆ ਪਾਰ ਕਰਦੇ ਹਨ।
ਕਿਸੇ ਟਾਇਮ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਕਿ ਉਨ੍ਹਾਂ ਦੇ ਪਿੰਡ ਵਿੱਚ ਸਤਲੁਜ ਦਰਿਆ ਤੇ ਇੱਕ ਪੁੱਲ ਬਣਾਇਆ ਜਾਵੇ ਜਾਂ ਫਿਰ ਕੋਈ ਹੋਰ ਹੱਲ ਕੱਢਿਆ ਜਾਵੇ ਜਿਸ ਨਾਲ ਲੋਕ ਅਸਾਨੀ ਨਾਲ ਦਰਿਆ ਪਾਰ ਕਰ ਸਕਣ।